ਟਰਾਲੇ ਦੀ ਲਪੇਟ ''ਚ ਆਉਣ ਨਾਲ ਪਿਓ-ਧੀ ਦੀ ਦਰਦਨਾਕ ਮੌਤ

09/16/2019 11:40:05 PM

ਲੁਧਿਆਣਾ, (ਮਹੇਸ਼)— ਲੁਧਿਆਣਾ-ਦਿੱਲੀ ਹਾਈਵੇ 'ਤੇ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਦੇ ਨੇੜੇ ਐਤਵਾਰ ਰਾਤ ਨੂੰ ਤੇਜ਼ ਰਫਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਐਕਟਿਵਾ ਸਵਾਰ ਪਿਓ-ਧੀ ਦੀ ਦਰਦਨਾਕ ਮੌਤ ਹੋ ਗਈ, ਜਦੋਂਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਦਰੇਸੀ ਦੇ ਬਿਕਾਊ ਰਾਮ (40), ਉਸ ਦੀ 11 ਸਾਲਾਂ ਲੜਕੀ ਸਪਨਾ ਵਜੋਂ ਹੋਈ ਹੈ, ਜਦੋਂਕਿ ਹਸਪਤਾਲ 'ਚ ਦਾਖਲ ਕੈਲਾਸ਼ ਨਗਰ ਦਾ ਸੁਮਨ ਕੁਮਾਰ ਸਪਨਾ ਦੇ ਭਰਾ ਦਾ ਦੋਸਤ ਹੈ। ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਸਪਨਾ ਦੇ ਭਰਾ ਸੰਜੀਵ ਰਾਊਤ ਦੀ ਸ਼ਿਕਾਇਤ 'ਤੇ ਟਰਾਲੇ ਦੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰਕੇ ਟਰਾਲੇ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਸੰਜੀਵ ਨੇ ਦੱਸਿਆ ਕਿ ਉਸ ਦਾ ਦੋਸਤ ਸੁਮਨ ਕੈਲਾਸ਼ ਨਗਰ ਤੋਂ ਐਕਟਿਵਾ 'ਤੇ ਉਸ ਦੀ ਛੋਟੀ ਭੈਣ ਸਪਨਾ ਅਤੇ ਉਸ ਦੇ ਪਿਤਾ ਨੂੰ ਘਰ ਛੱਡਣ ਲਈ ਦਰੇਸੀ ਵੱਲ ਜਾ ਰਿਹਾ ਸੀ। ਕ੍ਰਿਸ਼ਨਾ ਹਲਵਾਈ ਦੇ ਠੀਕ ਸਾਹਮਣੇ ਹਾਈਵੇ ਕ੍ਰਾਸ ਕਰਦੇ ਸਮੇਂ ਜਲੰਧਰ ਬਾਈਪਾਸ ਵੱਲੋਂ ਤੇਜ਼ ਰਫਤਾਰ ਆ ਰਹੇ ਟਰਾਲੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਘਟਨਾ ਵਾਲੀ ਜਗ੍ਹਾ 'ਤੇ ਪੁੱਜ ਗਈ ਪਰ ਕਾਫੀ ਦੇਰ ਤੱਕ ਐਂਬੂਲੈਂਸ ਨਹੀਂ ਪੁੱਜੀ, ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਭੈਣ ਨੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਸੁਮਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਨੇ ਲੋਕਾਂ ਦੀ ਮਦਦ ਨਾਲ ਰਾਹਗੀਰਾਂ ਦੇ ਵਾਹਨ ਰੁਕਵਾ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜੇਕਰ ਸਹੀ ਸਮੇਂ 'ਤੇ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਸਦੀ ਭੈਣ ਬਚ ਜਾਂਦੀ।

ਸ਼ਰਾਬ ਪੀਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ
ਥਾਣਾ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਐਕਟਿਵਾ ਚਾਲਕ ਵੱਲੋਂ ਸ਼ਰਾਬ ਪੀਣ ਕਰਕੇ ਡ੍ਰਾਈਵਿੰਗ ਕਰਨ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਫਿਰ ਵੀ ਉਹ ਇਸ ਦੀ ਜਾਂਚ ਕਰੇਗੀ।

KamalJeet Singh

This news is Content Editor KamalJeet Singh