ਸੁਖਬੀਰ ਨੇ ਫਤਿਹ ਦੇ ਬਚਾਅ ਕਾਰਜਾਂ ''ਚ ਦੇਰੀ ਦਾ ਠੀਕਰਾ ਕੈਪਟਨ ਸਿਰ ਭੰਨਿਆ

06/10/2019 6:51:56 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਫਤਿਹਵੀਰ ਸਿੰਘ ਦੇ ਬੋਰਵੁੱਲ ਵਿਚੋਂ ਨਾ ਕੱਢੇ ਜਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਅਤੇ ਪੀੜਤ ਪਰਿਵਾਰ ਦੀ ਮੱਦਦ ਲਈ ਮਾਹਿਰਾਂ ਨੂੰ ਸੱਦਿਆ ਹੁੰਦਾ ਤਾਂ ਇਸ ਬਚਾਓ ਕਾਰਜ ਦੇ ਨਤੀਜੇ ਕੁਝ ਹੋਰ ਹੀ ਹੋਣੇ ਸਨ। ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਫਤਿਹਵੀਰ ਨੂੰ ਬਚਾਉਣ ਲਈ ਵਿਸ਼ੇਸ਼ ਬਚਾਓ ਆਪਰੇਸ਼ਨ ਦਾ ਹੁਕਮ ਨਾ ਦੇ ਕੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਮੁੱਖ ਮੰਤਰੀ ਨੇ ਇਹ ਕੰਮ ਜ਼ਿਲਾ ਪ੍ਰਸ਼ਾਸਨ ਅਤੇ ਵਾਲੰਟੀਅਰਾਂ ਦੇ ਆਸਰੇ ਛੱਡ ਕੇ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ। ਸਰਕਾਰ ਮਾਹਿਰਾਂ ਦੀ ਮੱਦਦ ਨਾਲ ਬਚਾਓ ਕਾਰਜ ਪੇਸ਼ੇਵਰ ਤਰੀਕੇ ਨਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨਾਲ ਕੀਮਤੀ ਸਮਾਂ ਬਚਣਾ ਸੀ। ਸਰਕਾਰ ਦੀ ਇਸ ਸੁਸਤੀ ਅਤੇ ਲਾਪਰਵਾਹੀ ਨੇ ਫਤਿਹਵੀਰ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦੋ ਦਿਨ ਤਕ ਇਸ ਦੁਖਾਂਤ ਪ੍ਰਤੀ ਮੁੱਖ ਮੰਤਰੀ ਅੱਖਾਂ ਮੀਟੀ ਬੈਠਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਇਸ ਬਚਾਓ ਕਾਰਜ ਵਿਚ ਦਿਲਚਸਪੀ ਲਈ ਹੁੰਦੀ ਤਾਂ ਸੂਬੇ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੀ ਟੀਮ ਇਸ ਕਾਰਜ ਵਿਚ ਲਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਦੂਜੇ ਦਿਨ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਬਚਾਓ ਕਾਰਜ ਲਈ ਲਾਈ ਐਨ. ਡੀ. ਆਰ. ਐਫ. ਦੀ ਟੀਮ ਕੋਲ ਸਥਿਤੀ ਨਾਲ ਨਜਿੱਠਣ ਦੇ ਸਾਧਨ ਨਹੀਂ ਸਨ ਅਤੇ ਨਾ ਹੀ ਇਸ ਕੋਲ ਫਹਿਤਵੀਰ ਨੂੰ ਬਚਾਉਣ ਲਈ ਸਹੀ ਖੁਦਾਈ ਕਰਵਾਉਣ ਲਈ ਮਾਹਿਰ ਇੰਜੀਨੀਅਰ ਸਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਗਲਤ ਤਰੀਕੇ ਨਾਲ ਬਚਾਓ ਪਾਈਪਾਂ ਲਗਾਉਣ, ਦੂਜੀ ਸੁਰੰਗ ਦੀ ਫਾਲਤੂ ਖੁਦਾਈ ਅਤੇ ਸਮਾਨੰਤਰ ਪਾਈਪ ਨੂੰ ਬਚਾਓ ਪਾਈਪ ਨਾਲ ਜੋੜਣ ਵਿਚ ਪੂਰਾ ਇਕ ਦਿਨ ਖਰਾਬ ਹੋ ਗਿਆ। 

ਬਾਦਲ ਨੇ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਤੁਰੰਤ ਰਾਜ ਸਿਵਲ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਫੌਜੀ ਇੰਜੀਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੇਸ਼ਾਵਰ ਜਾਣਕਾਰੀ ਤੋਂ ਕੋਰੇ ਸਥਾਨਕ ਵਰਕਰਾਂ ਨੂੰ ਕੰਮ ਵਿਚ ਲਾਉਣ ਨਾਲ ਬਚਾਓ ਕਾਰਜ ਵਿਚ ਬੇਲੋੜੀ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੱਥਾਂ ਨਾਲ ਖੁਦਾਈ ਕਰਵਾਉਣ ਦੀ ਥਾਂ ਉੱਚ ਪੱਧਰੀ ਤਕਨੀਕ ਵਾਲੀ ਮਸ਼ੀਨਰੀ ਇਸਤੇਮਾਲ ਵਿਚ ਲਿਆਉਣੀ ਚਾਹੀਦੀ ਸੀ, ਜਿਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਨਹੀਂ ਸੀ ਹੋਣੀ। ਅਕਾਲੀ ਦਲ ਪ੍ਰਧਾਨ ਨੇ ਫਤਿਹਵੀਰ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਬੱਚਾ ਜਲਦੀ ਦੁਬਾਰਾ ਆਪਣੇ ਮਾਪਿਆਂ ਕੋਲ ਹੋਵੇਗਾ।

Gurminder Singh

This news is Content Editor Gurminder Singh