ਫਤਿਹਵੀਰ ਨੂੰ ਯਾਦ ਕਰ ਹਰ ਅੱਖ ਹੋਈ ਨਮ, ਹਜ਼ਾਰਾ ਲੋਕਾਂ ਨੇ ਦਿੱਤੀ ਸ਼ਰਧਾਂਜਲੀ (ਵੀਡੀਓ)

06/20/2019 4:10:19 PM

ਸੁਨਾਮ/ਉਧਮ ਸਿੰਘ ਵਾਲਾ (ਬਾਂਸਲ,ਮੰਗਲਾ) : ਸਥਾਨਕ ਨਵੀਂ ਅਨਾਜ ਮੰਡੀ ਵਿਖੇ ਫਤਿਹਵੀਰ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਮਾਸੂਮ ਫਤਿਹਵੀਰ ਨੂੰ ਸ਼ਰਧਾਂਜਲੀ ਦਿੱਤੀ। ਫਤਿਹਵੀਰ ਦੀ ਮਾਤਾ ਗਗਨਦੀਪ ਕੌਰ ਦਾ ਚਿਹਰਾ ਉਸ ਦੇ ਗੰਭੀਰ ਦਰਦ ਦੀ ਤਸਵੀਰ ਪੇਸ਼ ਕਰ ਰਿਹਾ ਸੀ। ਇਸ ਮੌਕੇ ਫਤਿਹਵੀਰ ਦੇ ਪਿਤਾ ਸੁਖਵਿੰਦਰ ਸਿੰਘ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਅਮਨ ਅਰੋੜਾ, ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਦਾਮਨ ਥਿੰਦ ਬਾਜਵਾ, ਵਿਧਾਇਕ ਸੁਨਾਮ ਵਿਨਰਜੀਤ ਗੋਲਡੀ, ਇਕਬਾਲ ਝੂੰਦਾ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਪੁੱਜੀਆਂ। ਇਸ ਮੌਕੇ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। 

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ 'ਚ ਜ਼ਰੂਰ ਚੁੱਕਣਗੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰਿਆਂ ਨੇ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਮੈਡਮ ਦਾਮਨ ਨੇ ਕਿਹਾ ਕਿ ਉਹ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਖੜ੍ਹੇ ਹਨ। 

ਭਗਵੰਤ ਮਾਨ ਨਹੀਂ ਆ ਸਕੇ 
ਇਸ ਮੌਕੇ ਹਰਪਲ ਚੀਮਾ ਨੇ ਕਿਹਾ ਕਿ ਉਹ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਆਏ ਹਨ ਅਤੇ ਉਨ੍ਹਾਂ ਨੇ ਪੰਜਾਬ ਸਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂਆਂ ਤਕਨੀਕਾਂ ਲੈ ਕੇ ਆਉਣ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਭਗਵੰਤ ਮਾਨ ਦੇ ਇਥੇ ਨਾ ਪੁੱਜਣ 'ਤੇ ਉਨ੍ਹਾਂ ਕਿਹਾ ਕਿ ਮਾਨ ਸਾਹਿਬ ਪਾਰਲੀਮੈਂਟ ਸੈਸ਼ਨ 'ਚ ਹੋਣ ਕਾਰਨ ਉਹ ਇੱਥੇ ਨਹੀਂ ਆ ਸਕੇ। ਦੱਸ ਦਈਏ ਕਿ ਭਗਵੰਤ ਦੀ ਮਾਤਾ ਜੀ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਹਨ । ਫਤਿਹਵੀਰ ਨੂੰ ਜਿੱਥੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ, ਉੱਥੇ ਹੀ ਧਨੋਲਾ ਅਤੇ ਬਰਨਾਲਾ ਦੇ ਨੌਜਵਾਨਾਂ ਵਲੋਂ 2000 ਬੂਟੇ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ। 

ਦੱਸਣਯੋਗ ਹੈ ਕਿ 6 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਭਗਵਾਨਪੁਰਾ 'ਚ ਅਣਹੋਣੀ ਘਟਨਾ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। 2 ਸਾਲਾ ਫਤਿਹਵੀਰ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਐੱਨ. ਡੀ. ਆਰ. ਐੱਫ. ਵਲੋਂ ਮੋਰਚਾ ਸੰਭਾਲਣ 'ਤੇ ਵੀ ਫਤਿਹਵੀਰ ਨੂੰ ਬਚਾਇਆ ਨਹੀਂ ਗਿਆ। ਆਖਰ 11 ਜੂਨ ਨੂੰ ਸਵੇਰੇ ਫਤਿਹਵੀਰ ਨੂੰ ਬਾਹਰ ਕੱਢਿਆ ਗਿਆ, ਜਿੱਥੇ ਪੀ. ਜੀ. ਆਈ. ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। 

Anuradha

This news is Content Editor Anuradha