ਫਤਿਹ ਦੇ ਬੋਰਵੈੱਲ ''ਚ ਡਿੱਗਣ ਦਾ ਪੂਰਾ ਘਟਨਾਕ੍ਰਮ, ਜਾਣੋ ਹੁਣ ਤਕ ਕੀ ਕੁਝ ਹੋਇਆ

06/08/2019 6:46:50 PM

ਸੰਗਰੂਰ : 6 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਪਿੰਡ ਭਗਵਾਨਪੁਰਾ 'ਚ ਅਣਹੋਣੀ ਵਾਪਰੀ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਟੁੱਟਾ ਅਤੇ 2 ਸਾਲਾ ਫਤਿਹਵੀਰ ਮਾਪਿਆਂ ਦੇ ਵੇਖਦੇ-ਵੇਖਦੇ 150 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ। ਪੂਰੇ ਪਿੰਡ 'ਚ ਰੌਲਾ ਪੈ ਗਿਆ ਤੇ ਪਿੰਡ ਦੇ ਨਾਲ-ਨਾਲ ਪੂਰਾ ਪ੍ਰਸ਼ਾਸਨ ਫਤਿਹਵੀਰ ਨੂੰ ਬਚਾਉਣ 'ਚ ਲੱਗ ਗਿਆ। ਘਟਨਾ ਨੂੰ ਵਾਪਰਿਆਂ ਅੱਜ 40 ਘੰਟਿਆਂ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤਕ ਵੀ ਨੰਨ੍ਹਾ ਫਤਿਹਵੀਰ ਮੌਤ ਦੇ ਮੂੰਹ 'ਚੋਂ ਬਾਹਰ ਨਹੀਂ ਆਇਆ ਹੈ। ਇਕਲੌਤੇ ਪੁੱਤ ਦੇ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਪਰਿਵਾਰ ਦੀ ਵੀ ਜਾਨ 'ਤੇ ਬਣੀ ਹੋਈ ਹੈ। ਪਿੰਡ ਤੇ ਪ੍ਰਸ਼ਾਸਨ ਦੇ ਨਾਲ-ਨਾਲ ਐੱਨ. ਡੀ. ਆਰ. ਐੱਫ, ਫੌਜ ਤੇ ਡੇਰਾ ਪ੍ਰੇਮੀਆਂ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ। ਹਰ ਪਾਸੇ ਬੱਚੇ ਦੀ ਸਲਾਮਤੀ ਲਈ ਅਰਦਾਸਾਂ ਹੋ ਰਹੀਆਂ ਹਨ ਪਰ ਅਜੇ ਤਕ ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਇਨ੍ਹਾਂ ਦੋ ਦਿਨਾਂ 'ਚ ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢਣ ਲਈ ਕੀ-ਕੀ ਯਤਨ ਕੀਤੇ ਗਏ ਤੇ ਆਖਿਰ ਫਤਿਹਵੀਰ ਕਿਵੇਂ ਬੋਰਵੈੱਲ 'ਚ ਡਿੱਗਾ, ਦੱਸਦੇ ਹਾਂ ਪੂਰੀ ਕਹਾਣੀ... 

6 ਜੂਨ : ਵੀਰਵਾਰ ਨੂੰ ਦੁਪਹਿਰ ਕਰੀਬ 3.30 ਵਜੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਤਿਹ ਘਰ ਦੇ ਬਾਹਰ ਮਾਂ-ਪਿਓ ਕੋਲ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ 150 ਫੁੱਟ ਡੂੰਘੇ ਬੋਰਵੈੱਲ 'ਤੇ ਆ ਗਿਆ ਅਤੇ ਉਹ ਬੋਰਵੈੱਲ 'ਚ ਡਿੱਗ ਗਿਆ। ਇਸ ਦੌਰਾਨ ਮਾਂ ਨੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਅਸਫਲ ਰਹੀ। 

6 ਜੂਨ : ਸ਼ਾਮ ਤਕ ਫਤਿਹ ਦੇ ਬੋਰਵੈੱਲ 'ਚ ਡਿੱਗਣ ਦੀ ਖਬਰ ਇਲਾਕੇ 'ਚ ਅੱਗ ਵਾਂਗ ਫੈਲ ਗਈ ਅਤੇ ਸ਼ਾਮ ਨੂੰ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭ ਕਰ ਦਿੱਤੇ ਅਤੇ ਫਤਿਹਵੀਰ ਨੂੰ ਬੋਰਵੈੱਲ 'ਚ ਆਕਸੀਜ਼ਨ ਪਹੁੰਚਾਈ ਗਈ। 

7 ਜੂਨ : ਸਵੇਰ ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਵਲੋਂ ਰੈਸਕਿਊ ਆਪਰੇਸ਼ਨ ਆਰੰਭਿਆ ਗਿਆ ਅਤੇ ਕੈਮਰੇ ਨਾਲ ਫਤਿਹਬੀਰ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਗਈ। ਬੋਰਵੈੱਲ 'ਚ ਬੋਰੀ ਫਸਣ ਕਾਰਨ ਫਤਿਹ ਕੋਲ ਫੀਡ ਨਹੀਂ ਪਹੁੰਚਾਈ ਜਾ ਸਕੀ। 

7 ਜੂਨ : ਰੈਸਕਿਊ ਆਪੇਰਸ਼ਨ 'ਚ ਤੇਜ਼ੀ ਲਿਆਂਦੀ ਗਈ। ਰੈਸਕਿਊ ਟੀਮ ਵਲੋਂ ਫਤਿਹਵੀਰ ਨੂੰ ਕੁਝ ਉਪਰ ਖਿੱਚਿਆ ਗਿਆ ਪਰ ਰੱਸੀ ਖੁੱਲ੍ਹਣ ਕਾਰਨ ਇਹ ਕੋਸ਼ਿਸ਼ ਅਸਫਲ ਰਹੀ। ਟੀਮ ਵਲੋਂ ਬੋਰਵੈੱਲ ਦੇ ਬਰਾਬਰ ਟੋਇਆ ਪੁੱਟਣ ਦਾ ਕੰਮ ਅਰੰਭਿਆ ਗਿਆ। ਆਧੁਨਿਕ ਤਕਨੀਕ ਦੀ ਮਸ਼ੀਨ ਦੀ ਵਰਤੋਂ ਕੀਤੀ ਗਈ ਪਰ ਕਾਮਯਾਬੀ ਹੱਥ ਨਾ ਲੱਗ ਸਕੀ। ਡਾਕਟਰੀ ਟੀਮਾਂ ਵਲੋਂ ਪੂਰੀ ਤਿਆਰੀ ਰੱਖੀ ਗਈ। 

7 ਜੂਨ : ਦੇਰ ਸ਼ਾਮ ਤਕ ਬਚਾਅ ਕਾਰਜ ਲਗਾਤਾਰ ਜਾਰੀ ਰੱਖੇ ਗਏ ਅਤੇ ਕੰਮ 'ਚ ਹੋਰ ਤੇਜ਼ੀ ਲਿਆਂਦੀ ਗਈ। ਇਸ ਦੌਰਾਨ ਬਚਾਅ ਕਾਰਜਾਂ ਵਿਚ ਡੇਰਾ ਪ੍ਰੇਮੀ ਵੀ ਪਹੁੰਚ ਗਏ। ਇਸ ਦੌਰਾਨ ਫਤਿਹਵੀਰ ਦੀ ਕੋਈ ਹਰਕਤ ਨਜ਼ਰ ਨਹੀਂ ਆਈ। ਫਤਿਹ ਦੇ ਬੋਰ ਬੈੱਲ 'ਚ ਡਿੱਗਣ ਤੋਂ ਬਾਅਦ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਘਟਨਾ 'ਤੇ ਟਿੱਕ ਗਈਆਂ ਅਤੇ ਹਰ ਕੋਈ ਫਤਿਹ ਦੀ ਸਲਾਮਤੀ ਲਈ ਅਰਦਾਸਾਂ ਕਰਨ ਲੱਗਾ। ਇਸ ਦੌਰਾਨ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਵੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ। 

8 ਜੂਨ : ਸਵੇਰੇ 9 ਵਜੇ ਸਾਂਸਦ ਭਗਵੰਤ ਮਾਨ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਅਤੇ ਹੌਂਸਲਾ ਅਫਜ਼ਾਈ ਕੀਤੀ। 8 ਜੂਨ ਸਵੇਰ ਤਕ ਰਾਹਤ ਕਾਰਜ 'ਚ ਲੱਗੀ ਟੀਮ ਵਲੋਂ ਬੋਰ ਵੈੱਲ ਦੇ ਨਾਲ ਟੋਆ ਪੁੱਟਣ ਦਾ ਕੰਮ ਜਾਰੀ ਰੱਖਿਆ ਗਿਆ। ਟੀਮ ਮੁਤਾਬਕ ਫਤਿਹ 110 ਫੁੱਟ 'ਤੇ ਅਟਕ ਗਿਆ ਹੈ ਅਤੇ ਬੋਰ ਵੈੱਲ ਦੇ ਨਾਲ ਹੁਣ ਤਕ 86 ਫੁੱਟ ਤੋਂ ਵੱਧ ਟੋਇਆ ਪੁੱਟਿਆ ਜਾ ਚੁੱਕਾ ਹੈ। ਆਸ ਹੈ ਕਿ ਕੁਝ ਘੰਟਿਆ 'ਚ ਫਤਿਹ ਨੂੰ ਬੋਰਵੈੱਲ 'ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਜਾਵੇਗਾ।

Gurminder Singh

This news is Content Editor Gurminder Singh