ਵਿਧਾਇਕ ‘ਫਤਿਹਜੰਗ’ ਦੀ ਕਈ ਕਾਂਗਰਸੀਆਂ ਨੂੰ ਚੁਣੌਤੀ, ‘ਉਨ੍ਹਾਂ ਦੇ ਰਿਸ਼ਤੇਦਾਰ ਵੀ ਛੱਡਣ ਚੇਅਰਮੈਨੀ’

06/24/2021 11:08:18 PM

ਚੰਡੀਗੜ੍ਹ : ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਤਰਸ ਦੇ ਆਧਾਰ 'ਤੇ ਦਿੱਤੀ ਗਈ ਸਰਕਾਰੀ ਨੌਕਰੀ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ। ਅਸਲ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਬੀਤੇ ਦਿਨ ਕਿਹਾ ਸੀ ਕਿ ਫਤਿਹਜੰਗ ਬਾਜਵਾ ਨੇ ਖ਼ੁਦ ਇਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਫਤਿਹੰਜਗ ਬਾਜਵਾ ਨੇ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ਜਿਸ ਸਮੇਂ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦੇਣ ਦੀ ਗੱਲ ਸ਼ੁਰੂ ਹੋਈ, ਉਸ ਸਮੇਂ ਹੀ ਇਸ ਗੱਲ 'ਤੇ ਸਿਆਸਤ ਹੋਣ ਲੱਗ ਪਈ ਸੀ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਵੱਲੋਂ ਪੰਜਾਬ 'ਚ 16.29 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਝੂਠ ਦਾ ਪੁਲੰਦਾ : ਮੀਤ ਹੇਅਰ

ਫਤਿਹਜੰਗ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਉਸੇ ਸਮੇਂ ਘਰ 'ਚ ਫ਼ੈਸਲਾ ਕਰ ਲਿਆ ਕਿ ਉਹ ਇਹ ਨੌਕਰੀ ਨਹੀਂ ਲੈਣਗੇ। ਇਸ ਤੋਂ ਬਾਅਦ ਫਤਿਹਜੰਗ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਸਜ ਕਰਕੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 3 ਮੈਂਬਰੀ ਕਮੇਟੀ ਨੂੰ ਮਿਲਣਾ ਸੀ ਅਤੇ ਉਨ੍ਹਾਂ ਨੇ ਸਾਡੀ ਚਿੱਠੀ 3 ਮੈਂਬਰੀ ਕਮੇਟੀ ਨੂੰ ਦਿਖਾ ਦਿੱਤੀ ਕਿ ਅਸੀਂ ਨੌਕਰੀ ਨਹੀਂ ਲੈਣਾ ਚਾਹੁੰਦੇ। ਫਤਿਹਜੰਗ ਬਾਜਵਾ ਨੇ ਕਿਹਾ ਕਿ ਇਸ 'ਚ ਕੀ ਗਲਤ ਹੋ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਉਨ੍ਹਾਂ ਦੇ ਪਿਤਾ ਦੀ ਸ਼ਹੀਦੀ ਨੂੰ ਪਛਾਣਿਆ ਤਾਂ ਇਸ 'ਚ ਉਹ ਕਿਵੇਂ ਗਲਤ ਹੋ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਖਿਡਾਰੀਆਂ ਦਾ ਹੱਲਾ ਬੋਲ, 'ਆਪ' ਨਾਲ ਮਿਲ ਕੇ ਘੇਰੀ ਕੈਪਟਨ ਦੀ ਰਿਹਾਇਸ਼

ਉੁਨ੍ਹਾਂ ਕਿਹਾ ਕਿ ਸ਼ਹਾਦਤ ਦੇਣ ਵਾਲਿਆਂ ਲਈ ਨੌਕਰੀ ਤਾਂ ਬਹੁਤ ਛੋਟੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚ ਸ਼ਹਾਦਤ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਉਨ੍ਹਾਂ ਲਈ ਕਿਹੜੀ ਅਚੰਭੇ ਵਾਲੀ ਗੱਲ ਕਰ ਦਿੱਤੀ, ਜੋ ਇਸ ਗੱਲ 'ਤੇ ਇੰਨੀ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦੇ ਮਨਾਂ ਨੂੰ ਠੇਸ ਜ਼ਰੂਰ ਪਹੁੰਚੀ ਹੈ ਪਰ ਉਨ੍ਹਾਂ ਨੇ ਪਹਿਲਾਂ ਹੀ ਇਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਇਕ ਵਾਰ ਫਿਰ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਅਖ਼ੀਰ 'ਚ ਕਾਂਗਰਸੀ ਵਿਧਾਇਕ ਨੇ ਕਈ ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੱਤੀ ਹੈ ਕਿ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਚੇਅਰਮੈਨੀ ਛੱਡਣ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita