ਦਾਰੂ ਲਈ ਪਤਨੀ ਤੇ ਧੀ ਨੂੰ ਕੁਹਾੜੀ ਨਾਲ ਵੱਢਿਆ, ਪਤਨੀ ਦੀ ਮੌਤ

01/12/2019 1:02:58 PM

ਫਤਿਹਗੜ੍ਹ ਸਾਹਿਬ(ਵਿਪਨ)— ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲੋਵਾਲ ਵਿਖੇ ਸ਼ਰਾਬ ਨਾ ਮਿਲਣ ਕਰਕੇ ਵਿਅਕਤੀ ਵਲੋਂ ਪਤਨੀ ਤੇ ਧੀ 'ਤੇ ਕੁਹਾੜੀ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਪਤਨੀ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਜਿੱਥੇ 10 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਉਂਝ ਇਹ ਮਾਮਲਾ 6 ਜਨਵਰੀ ਦਾ ਹੈ।

ਥਾਣਾ ਮੁਖੀ ਖੇੜੀ ਨੌਧ ਸਿੰਘ ਕੁਲਭੂਸ਼ਨ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਬੇਟੇ ਧਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਕਥਿਤ ਤੌਰ 'ਤੇ ਸ਼ਰਾਬ ਪੀਣ ਦਾ ਆਦੀ ਹੈ, ਜੋ ਐਤਵਾਰ ਰਾਤ ਕਰੀਬ 12 ਵਜੇ ਮੇਰੀ ਮਾਂ ਪਰਵਿੰਦਰ ਕੌਰ ਕੋਲੋਂ ਸ਼ਰਾਬ ਦੀ ਮੰਗ ਕਰ ਰਿਹਾ ਸੀ। ਸ਼ਰਾਬ ਨਾ ਮਿਲਣ ਕਰਕੇ ਉਸ ਨੇ ਮੇਰੇ ਕਮਰੇ ਨੂੰ ਬਾਹਰੋਂ ਜਿੰਦਰਾ ਲਗਾ ਕੇ ਕੁਹਾੜੀ ਨਾਲ ਮੇਰੀ ਮਾਂ 'ਤੇ ਹਮਲਾ ਕਰ ਦਿੱਤਾ। ਜਦੋਂ ਉਸ ਦੀ ਭੈਣ ਮਾਂ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਰੌਲਾ ਪੈਣ 'ਤੇ ਜਦੋਂ ਗੁਆਂਢੀ ਆ ਗਏ ਤਾਂ ਉਹ ਫਰਾਰ ਹੋ ਗਿਆ।

ਉਸ ਨੇ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖਮੀ ਮਾਂ ਅਤੇ ਭੈਣ ਨੂੰ ਇਲਾਜ਼ ਲਈ ਜ਼ਿਲਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਪਰ 10 ਜਨਵਰੀ ਨੂੰ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਉਸ ਦੀ ਮਾਂ ਨੂੰ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਦਕਿ ਉਸ ਦੀ ਭੈਣ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੁਲਸ ਨੇ ਧਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਲਵਿੰਦਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਬਲਵਿੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry