ਫਤਿਹਗੜ੍ਹ ਸਾਹਿਬ ਦੇ ਇਸ ਕਿਸਾਨ ਨੇ 18 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ

10/29/2019 2:35:19 PM

ਫਤਿਹਗੜ੍ਹ ਸਾਹਿਬ (ਵਿਪਨ) - ਪੰਜਾਬ 'ਚ ਜਿਥੇ ਕਈ ਕਿਸਾਨ ਪਰਾਲੀ ਨੂੰ ਸਾੜਨ ਦੀ ਪਹਿਲ ਕਰਦੇ ਹਨ, ਉਥੇ ਹੀ ਜ਼ਿਲਾ ਫਤਿਹਗੜ੍ਹ ਸਾਹਿਬ ਦਾ 1 ਕਿਸਾਨ ਅਜਿਹਾ ਵੀ ਹੈ, ਜਿਸ ਨੇ 2001 ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਜਾਣਕਾਰੀ ਅਨੁਸਾਰ ਜ਼ਿਲਾ ਫਤਿਹਗੜ੍ਹ ਦਾ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧਗੜ੍ਹ ਪੰਜਾਬ ਦਾ ਪਹਿਲਾ ਕਿਸਾਨ ਹੈ, ਜਿਸ ਨੇ 2001 ਤੋਂ ਫਸਲ ਦੀ ਨਾੜ (ਪਰਾਲੀ) ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਸੀ ਅਤੇ 2006 ਤੋਂ ਖੇਤਾਂ ਨੂੰ ਫੁਆਰੇ ਨਾਲ ਪਾਣੀ ਲਾ ਕੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਬਚਾਉਣਾ ਦਾ ਉਪਰਾਲਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਪ੍ਰਦੂਸ਼ਣ ਤੇ ਪਾਣੀ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਬਣ ਚੁੱਕਾ ਹੈ ਅਤੇ ਉਸ ਨੇ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚਲਦੇ ਹੋਏ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ। ਉਸ ਨੇ ਰਹਿੰਦ ਖੁਰਦ ਨੂੰ ਖੇਤਾਂ 'ਚ ਹੀ ਮਿਲਾ ਕੇ ਖਾਦ ਬਣਾ, ਫੁਆਰੇ ਨਾਲ ਪਾਣੀ ਲਾ ਕੇ ਪਾਣੀ ਬਚਾਉਂਦੇ ਹੋਏ ਝੋਨੇ ਦਾ ਵਧੇਰੇ ਝਾੜ ਹਾਸਲ ਕੀਤਾ ਹੈ।

ਸੁਰਜੀਤ ਨੇ ਕਿਹਾ ਕਿ ਵੱਟਾਂ 'ਤੇ ਝੋਨਾ ਲਾਉਣ ਨਾਲ ਉੱਲੀ ਰੋਗ, ਪੱਤਾ ਲਪੇਟ ਰੋਗ ਨਹੀਂ ਲੱਗਦੇ ਅਤੇ ਬੂਟੇ ਦੀ ਜੜ੍ਹ ਨੂੰ ਆਕਸੀਜਨ ਮਿਲਦੀ ਹੈ। ਕੱਦੂ ਕਰਨ ਨਾਲ ਮਿਥੈਨ ਗੈਸ ਪੈਦਾ ਹੁੰਦੀ ਹੈ, ਜੋ ਕਾਰਬਨ ਡਾਈਆਕਸਾਈਡ ਨਾਲੋਂ 23 ਗੁਣਾ ਵੱਧ ਹਾਨੀਕਾਰਕ ਹੈ।ਇਸੇ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਕਨੀਕ ਦੀ ਵਰਤੋਂ ਕਰਨ। ਕਿਸਾਨ ਸੁਰਜੀਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਦੂਸ਼ਣ ਖਤਮ ਕਰਨ ਅਤੇ ਪਾਣੀ ਦੀ ਬੱਚਤ ਲਈ ਵੱਧ ਤੋਂ ਵੱਧ ਯੋਗਦਾਨ ਪਾਉਂਣਾ ਚਾਹੀਦਾ ਹੈ।

rajwinder kaur

This news is Content Editor rajwinder kaur