ਮੁੱਖ ਮੰਤਰੀ ਆਮਦ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਸਰਹਿੰਦ-ਫਤਿਹਗੜ੍ਹ ਸਾਹਿਬ ਰੋਡ ਤੇ ਕੰਪਲੈਕਸ ਕੀਤਾ ਬੰਦ

04/25/2019 3:27:37 PM

ਫਤਿਹਗੜ੍ਹ ਸਾਹਿਬ (ਬਖਸ਼ੀ)—ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਕਾਗਜ਼ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਕਾਰਨ ਸਵੇਰ ਤੋਂ ਹੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੇਰੰਗ ਹੀ ਪਰਤਣਾ ਪਿਆ। 

ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਅਧੀਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟਾਂ 'ਤੇ ਪੁਲਸ ਵਲੋਂ ਨਾਕੇ ਲਗਾ ਕੇ ਲੋਕਾਂ ਅਤੇ ਪੱਤਰਕਾਰਾਂ ਦੇ ਅੰਦਰ ਜਾਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਸੀ। ਜਦੋਂ ਪੱਤਰਕਾਰ ਅਤੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਪ੍ਰਬੰਧਕੀ ਕੰਪਲੈਕਸ ਵਿਚ ਜਾਣ ਲਈ ਅੱਗੇ ਆਉਂਦੇ ਸਨ ਤਾਂ ਗੇਟ 'ਤੇ ਖੜੀ ਪੁਲਸ ਉਨ੍ਹਾਂ ਦਾ ਨਾਮ ਪਤਾ ਪੁੱਛਦੀ ਸੀ ਅਤੇ ਉਨ੍ਹਾਂ ਨੂੰ ਮਿਲੀ ਲਿਸਟ ਤੋਂ ਨਾਮ ਦੇਖਕੇ ਲਿਸਟ ਵਿਚ ਨਾਮ ਨਾ ਹੋਣ ਵਾਲੇ ਪੱਤਰਕਾਰਾਂ ਅਤੇ ਕੰਮ ਆਉਣ ਵਾਲੇ ਵਿਅਕਤੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ। ਗੇਟ ਨਜ਼ਦੀਕ ਖੜ੍ਹੇ ਡੀ.ਪੀ.ਆਰ.ਓ. ਵਿਭਾਗ ਦੇ ਕਰਮਚਾਰੀ ਰਣਵੀਰ ਸਿੰਘ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਕੰਪਲੈਕਸ ਅੰਦਰ ਜਾਣ ਦੀ ਲਿਸਟ ਡੀ.ਪੀ.ਆਰ.ਓ. ਦਫ਼ਤਰ ਵਲੋਂ ਕੁਝ ਫੋਟੋਗ੍ਰਾਫਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਤ ਵਿਅਕਤੀਆਂ ਦੀ ਹੀ ਬਣਾਈ ਗਈ ਹੈ। ਜਦੋਂ ਕਿ ਕੁਝ ਇਕ ਪ੍ਰਿੰਟ ਮੀਡੀਆ ਪੱਤਰਕਾਰ ਨੂੰ ਛੱਡਕੇ ਬਾਕੀ ਸਾਰਿਆਂ ਨੂੰ ਅੰਦਰ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ।

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਹਰ ਵਿਭਾਗ ਦੇ ਜ਼ਿਲਾ ਅਧਿਕਾਰੀਆਂ ਦਾ ਦਫ਼ਤਰ ਹੈ ਜਿਸ ਕਾਰਨ ਜ਼ਿਲੇ ਦੀਆਂ ਵੱਖ-ਵੱਖ ਡਿਵੀਜ਼ਨਾਂ ਤੋਂ ਕਿਰਾਏ ਖਰਚ ਕੇ ਆਪਣੇ ਕੰਮਾਂ ਲਈ ਆਉਣ ਵਾਲੇ ਗਰੀਬ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚ ਵੇਖਿਆ ਗਿਆ। ਉੱਥੇ ਹੀ ਪੱਤਰਕਾਰਾਂ ਵਿਚ ਵੀ ਭਾਰੀ ਰੋਸ ਵੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਵਾਲੇ ਗੇਟ ਤੋਂ ਹੀ ਕਾਗਜ਼ ਪੱਤਰ ਦਾਖਲ ਕਰਵਾਕੇ ਬਾਕੀ ਦਫ਼ਤਰਾਂ ਨੂੰ ਖੁੱਲਾ ਰੱਖਣਾ ਚਾਹੀਦਾ ਸੀ ਜਾਂ ਫਿਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਸਰਕਾਰੀ ਦਫ਼ਤਰਾਂ ਵਿਚ ਛੁੱਟੀ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਤਾਂ ਜੋ ਦੂਰ-ਦੁਰਾਡੋਂ ਆਏ ਲੋਕ ਆਪਣੇ ਕੰਮ ਕਰਵਾਉਣ ਨਾ ਆਉਂਦੇ। ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਕਾਲੀ-ਭਾਜਪਾ ਤੇ ਕਾਂਗਰਸ ਉਮੀਦਵਾਰਾਂ ਵਲੋਂ ਕਾਗਜ਼ ਭਰਨ ਨੂੰ ਲੈ ਕੇ ਜੋਤੀ ਸਰੂਪ ਮੋੜ ਤੋਂ ਸਰਹਿੰਦ ਬੱਸੀ ਰੋਡ ਨੂੰ ਸਵੇਰ ਤੋਂ ਹੀ ਨਾਕਾ ਲਗਾਕੇ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਪਟਿਆਲਾ, ਖੰਨਾ ਅਤੇ ਹੋਰ ਸਾਇਡ ਤੋਂ ਬੱਸੀ, ਮੋਰਿੰਡਾ ਨੂੰ ਜਾਣ ਵਾਲੇ ਵਾਹਨਾਂ ਨੂੰ ਚੰਡੀਗੜ੍ਹ ਰੋਡ ਵੱਲ ਮੋੜ ਦਿੱਤਾ ਗਿਆ। ਅੱਜ ਦੇ ਇਸ ਪ੍ਰਸ਼ਾਸਨ ਦੇ ਫੈਸਲੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ। ਪ੍ਰਸ਼ਾਸਨ ਦੇ ਇਸ ਫੈਸਲੇ ਕਾਰਨ ਇੰਝ ਜਾਪ ਰਿਹਾ ਸੀ ਕਿ ਲੋਕਾਂ ਅਤੇ ਪੱਤਰਕਾਰਾਂ ਦਾ ਗੁੱਸਾ ਕਾਂਗਰਸ ਦੀ ਪੰਜਾਬ ਸਰਕਾਰ ਪ੍ਰਤੀ ਵਧਾਇਆ ਜਾਵੇ।

ਕੀ ਕਹਿਣਾ ਡਿਪਟੀ ਕਮਿਸ਼ਨਰ ਦਾ : ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਗੋਇਲ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬੀਜੀ ਹਨ, ਇਸ ਸਬੰਧੀ ਬਾਅਦ ਵਿਚ ਗੱਲ ਕਰਨਗੇ, ਪਰ ਬਾਅਦ ਵਿਚ ਇਸ ਸਬੰਧੀ ਉਨ੍ਹਾਂ ਵਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ।

ਕੀ ਕਹਿਣਾ ਐੱਸ.ਐੱਸ.ਪੀ. ਦਾ : ਜਦੋਂ ਇਸ ਸਬੰਧੀ ਐੱਸ.ਐੱਸ.ਪੀ. ਅਮਨੀਤ ਕੌਂਡਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਡੀ.ਪੀ.ਆਰ.ਓ. ਦਫ਼ਤਰ ਤੋਂ ਪੱਤਰਕਾਰਾਂ ਦੀ ਲਿਸਟ ਮੰਗੀ ਗਈ ਸੀ ਅਤੇ ਜਿਹੜੇ ਪੱਤਰਕਾਰਾਂ ਦੀ ਲਿਸਟ ਡੀ.ਪੀ.ਆਰ.ਓ. ਵਲੋਂ ਭੇਜੀ ਗਈ, ਉਨ੍ਹਾਂ ਨੂੰ ਹੀ ਅੰਦਰ ਦਾਖਲ ਹੋਣ ਦਿੱਤਾ ਗਿਆ।
ਕੀ ਕਹਿਣਾ ਡੀ.ਪੀ.ਆਰ.ਓ. ਦਾ : ਜਦੋਂ ਇਸ ਸਬੰਧੀ ਡੀ.ਪੀ.ਆਰ.ਓ. ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਦਫ਼ਤਰ ਵਲੋਂ ਫੈਸਲਾ ਲਿਆ ਗਿਆ ਕਿ ਕਾਗਜ਼ ਦਾਖਲ ਕਰਨ ਦੀ ਕਵਰੇਜ ਇਲੈਕਟ੍ਰਾਨਿਕ ਮੀਡੀਆ ਅਤੇ ਫੋਟੋਗ੍ਰਾਫਰ ਹੀ ਕਰਨਗੇ। ਇਸ ਵਿਚ ਪ੍ਰਿੰਟ ਮੀਡੀਆ ਦਾ ਕੋਈ ਦਖਲ ਨਹੀਂ ਹੋਵੇਗਾ।

Shyna

This news is Content Editor Shyna