''ਕੈਪਟਨ ਸਾਹਿਬ, ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਉ''

01/10/2019 5:39:40 PM

ਫਤਿਹਗੜ੍ਹ ਸਾਹਿਬ (ਵਿਪਨ)—ਇਕ ਪਾਸੇ ਪੰਜਾਬ ਸਰਕਾਰ 21 ਮਹੀਨਿਆਂ ਤੋਂ ਸਿੱਖਿਆ ਦੇ ਖੇਤਰ 'ਚ ਆਪਣੀਆਂ ਉਪਲੱਬਧੀਆਂ ਗਿਣਾਉਣ ਲਈ ਸ਼ਹਿਰਾਂ 'ਚ ਮੁੱਖ ਮੰਤਰੀ ਦੀ ਤਸਵੀਰ ਵਾਲੇ ਬੋਰਡ ਲਗਾ ਰਹੀ ਹੈ, ਜਿਸ 'ਤੇ ਲਿਖਿਆ ਹੈ ਕਿ 2500 ਸਮਾਰਟ ਸਕੂਲ ਖੋਲ੍ਹੇ ਗਏ ਹਨ, ਉਥੇ ਹੀ ਦੂਜੇ ਪਾਸੇ ਪੁਲਸ ਜ਼ਿਲਾ ਖੰਨਾ ਦੇ  ਹਲਕਾ ਪਾਇਲ ਦੇ ਪਿੰਡ ਬਰਮਾਲੀਪੁਰ ਦੇ ਸਰਕਾਰੀ ਮਿਡਲ ਸਕੂਲ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ ਅਤੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਕੂਲ ਦੀ ਇਮਾਰਤ ਖਸਤਾ ਹੋਣ ਦੇ ਚੱਲਦੇ ਬੱਚਿਆਂ ਨੂੰ ਠੰਡ ਦੇ ਮੌਸਮ 'ਚ ਕਿਸੇ ਦੇ ਘਰ ਦੇ ਵਿਹੜੇ 'ਚ ਪੜ੍ਹਾਇਆ ਜਾ ਰਿਹਾ ਹੈ। ਸਕੂਲ ਦੀ ਇਹ ਹਾਲਤ ਹੋਣ ਕਾਰਨ ਇਥੋਂ ਦੇ ਬੱਚੇ ਕੈਪਟਨ ਸਾਹਿਬ ਨੂੰ ਇਹ ਕਹਿਣ ਨੂੰ ਮਜਬੂਰ ਹਨ ਕਿ 'ਕੈਪਟਨ ਸਾਹਿਬ, ਸਾਨੂੰ ਸਮਾਰਟ ਸਕੂਲ ਨਹੀਂ ਆਮ ਸਕੂਲ ਹੀ ਦੇ ਦਿਓ।

ਦੱਸਣਯੋਗ ਹੈ ਕਿ ਸਕੂਲ ਦੀ ਹਾਲਤ ਖਸਤਾ ਹੋਣ ਕਾਰਨ ਇਥੇ ਠੰਡ ਕਾਰਨ ਖੁੱਲ੍ਹੇ ਆਸਮਾਨ ਹੇਠਾਂ ਬੱਚਿਆਂ ਨੂੰ ਪੜ੍ਹਨਾ ਪੈ ਰਿਹਾ ਹੈ। ਠੰਡ ਕਾਰਨ ਕਈ ਬੱਚੇ ਬੀਮਾਰ ਹੋ ਜਾਂਦੇ ਹਨ ਅਤੇ ਕਈਆਂ ਨੂੰ ਛੁੱਟੀ ਕਰਨੀ ਪੈ ਜਾਂਦੀ ਹੈ। ਇਸ ਸਬੰਧੀ ਜਦੋਂ ਸਕੂਲ ਦੀ ਅਧਿਆਪਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੀ ਇਮਾਰਤ ਨਾ ਹੋਣ ਕਰਕੇ ਬੇਹੱਦ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਸਕੂਲ 'ਚ ਸਾਧਨਾਂ ਦੀ ਕਮੀ ਹੋਣ ਕਰਕੇ ਬੱਚਿਆਂ ਨੂੰ ਪੜ੍ਹਾਉਣ 'ਚ ਮੁਸ਼ਕਿਲਾਂ ਆ ਰਹੀਆਂ ਹਨ। ਗਰਮੀਆਂ 'ਚ ਇਹ ਮੁਸ਼ਕਿਲ ਹੋਰ ਵੀ ਵੱਧ ਜਾਵੇਗੀ। ਉਥੇ ਸਕੂਲ ਦੀ ਇਮਾਰਤ ਪਿੰਡ ਦੇ ਬਾਹਰ ਵਾਲੇ ਪਾਸੇ ਬਣਵਾਉਣ ਲਈ ਪੰਚਾਇਤ ਨੇ ਸ਼ੁਰੂਆਤ ਕਰਨੀ ਹੈ ਅਜੇ ਨਵੀਂ ਪੰਚਾਇਤ ਨੇ ਕਾਰਜਭਾਰ ਸੰਭਾਲਿਆ ਨਹੀਂ ਹੈ। ਮਿਡ-ਡੇਅ-ਮਿਲ ਦਾ ਸਾਮਾਨ ਉੱਪਲਾਂ ਦੇ ਕੋਲ ਪਿਆ ਹੋਣ ਕਰਕੇ ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਸਾਮਾਨ ਨੂੰ ਜਾਂਦੇ ਸਮੇਂ ਉਹ ਦੁਕਾਨ 'ਚ ਰੱਖ ਜਾਂਦੇ ਹਨ।

ਜਦੋਂ ਇਸ ਸਬੰਧ 'ਚ ਪਿੰਡ ਬਰਮਾਲੀਪੁਰ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਦਾ ਸਰਕਾਰੀ ਸਕੂਲ ਪਿਛਲੇ 35 ਸਾਲਾਂ ਤੋਂ ਸਕੂਲ ਇਕ ਧਰਮਸ਼ਾਲਾ 'ਚ ਚਲਾਇਆ ਜਾ ਰਿਹਾ ਸੀ ਜੋ ਕਿ ਅਸੁਰੱਖਿਅਤ ਹੋਣ ਕਾਰਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਉਸ ਨੂੰ ਕਿਸੇ ਦੇ ਘਰ 'ਚ ਚਲਾਇਆ ਜਾ ਰਿਹਾ ਹੈ। ਸਕੂਲ ਦੀ ਇਮਾਰਤ ਨੂੰ ਬਣਵਾਉਣ ਲਈ ਸਥਾਨਕ ਵਿਧਾਇਕ ਸਾਨੂੰ ਸਾਢੇ 3 ਲੱਖ ਦੀ ਗਰਾਂਟ ਦੇ ਚੁੱਕੇ ਹਨ ਅਤੇ 2 ਲੱਖ ਸਾਨੂੰ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਜੀ ਨੇ ਦਿੱਤਾ ਹੈ ਅਤੇ ਲਗਭਗ 20 ਲੱਖ ਰੁਪਏ ਦਾ ਯੋਗਦਾਨ ਪਿੰਡ ਦੇ ਐੱਨ. ਆਰ. ਆਈ. ਭਰਾ ਦੇ ਰਹੇ ਹਨ, ਜਿਸ ਨਾਲ ਸਕੂਲ ਦੀ ਇਮਾਰਤ ਤਿਆਰ ਹੋਵੇਗੀ।

Shyna

This news is Content Editor Shyna