ਅਕਾਲੀ ਆਗੂ ਸਮੇਤ 3 ਵਿਅਕਤੀਆਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

12/13/2019 9:52:09 AM

ਫਤਿਹਗੜ੍ਹ ਸਾਹਿਬ (ਜੱਜੀ) : ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਤੇ ਮੰਡੀ ਗੋਬਿੰਦਗੜ੍ਹ ਦੇ ਰਣਧੀਰ ਸਿੰਘ ਪੱਪੀ ਨੂੰ ਅਣਪਛਾਤੇ ਫੋਨ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਉਕਤ ਤਿੰਨੇ ਵਿਅਕਤੀ ਆਪਣੇ ਸਾਥੀਆਂ ਸਮੇਤ ਐੱਸ. ਪੀ. ਜਾਂਚ ਹਰਪਾਲ ਸਿੰਘ ਨੂੰ ਮਿਲੇ ਤੇ ਮੰਗ-ਪੱਤਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਮਲੋਹ ਦੇ ਹਲਕਾ ਇੰਚਾਰਜ ਰਾਜੂ ਖੰਨਾ ਨੇ ਕਿਹਾ ਕਿ ਉਸ ਨੂੰ ਬੀਤੀ ਰਾਤ ਕਈ ਵਾਰ ਫੋਨ ਆਇਆ ਪਰ ਉਸ ਨੇ ਚੁੱਕਿਆ ਨਹੀਂ। ਉਨ੍ਹਾਂ ਕਿਹਾ ਕਿ ਇਸੇ ਫੋਨ ਨੰਬਰ ਤੋਂ ਲੱਗਭਗ 2 ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਸ ਤੋਂ ਬਾਅਦ ਇਹ ਨੰਬਰ ਬੰਦ ਆਉਣ ਲੱਗਾ ਸੀ।

ਰਣਧੀਰ ਸਿੰਘ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਨੂੰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਤੇ ਇਕ ਵਿਅਕਤੀ ਮੰਦਾ-ਚੰਗਾ ਬੋਲਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਸਾਡੇ ਬੰਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਇਸ ਲਈ ਤੈਨੂੰ ਦੇਖਾਂਗੇ, ਉਸ ਨੇ ਇਹ ਵੀ ਕਿਹਾ ਕਿ ਡੀ. ਆਈ. ਜੀ. ਸਾਹਿਬ ਹੁਣ ਤੈਨੂੰ ਫੋਨ ਕਰਨਗੇ, ਇਸ ਤੋਂ ਬਾਅਦ ਇਕ ਹੋਰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਤੇ ਇਹ ਫੋਨ ਵਾਲਾ ਵਿਅਕਤੀ ਕਹਿਣ ਲੱਗਾ ਕਿ ਮੈਂ ਡੀ. ਆਈ. ਜੀ. ਮਨਪ੍ਰੀਤ ਚੰਡੀਗੜ੍ਹ ਬੋਲ ਰਿਹਾ ਹਾਂ ਤੇ ਉਹ ਵੀ ਇਸੇ ਤਰ੍ਹਾਂ ਮੰਦਾ-ਚੰਗਾ ਬੋਲਣ ਲੱਗਾ ਤੇ ਉਸ ਨੇ ਫੋਨ ਕੱਟ ਦਿੱਤਾ।

ਇਸ ਸਬੰਧੀ ਐੱਸ. ਪੀ. ਜਾਂਚ ਹਰਪਾਲ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਣਧੀਰ ਸਿੰਘ ਪੱਪੀ ਤੇ ਬਾਬਾ ਦਲਵਾਰਾ ਸਿੰਘ ਦੀ ਸ਼ਿਕਾਇਤ ਮਿਲ ਗਈ ਹੈ। ਉਹ ਇਨ੍ਹਾਂ ਮੋਬਾਇਲ ਨੰਬਰਾਂ ਦੀ ਜਾਂਚ ਕਰਵਾ ਕੇ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬੁਲਾਰੇ ਐਡ. ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ 'ਚ ਵਧ ਰਹੇ ਅਪਰਾਧ ਕਾਰਣ ਲੋਕਾਂ 'ਚ ਡਰ ਦਾ ਮਾਹੌਲ ਹੈ ਤੇ ਕੈਪਟਨ ਸਰਕਾਰ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ।

cherry

This news is Content Editor cherry