''ਫਾਸਟੈਗ'' ਲੱਗਣ ''ਤੇ ਵੀ ਟੋਲ ਪਲਾਜ਼ਾ ''ਤੇ ਖੱਜਲ ਹੁੰਦੇ ਦਿਖੇ ਲੋਕ

12/16/2019 4:24:40 PM

ਲੁਧਿਆਣਾ (ਨਰਿੰਦਰ) : ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਲੰਘਣ ਲਈ 'ਫਾਸਟੈਗ' ਪੜ੍ਹਾਉਣਾ ਜ਼ਰੂਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ 30 ਨਵੰਬਰ ਤੱਕ ਇਸ ਦੀ ਆਖਰੀ ਤਰੀਕ ਰੱਖੀ ਗਈ ਸੀ। ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਇਸ ਨੂੰ 15 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਸੀ ਪਰ ਅੱਜ 15 ਦਿਨ ਪੂਰੇ ਹੋਣ 'ਤੇ ਵੀ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ-ਕਈ ਘੰਟੇ ਪਲਾਜ਼ਾ 'ਤੇ ਉਡੀਕ ਕਰਨੀ ਪੈਂਦੀ ਹੈ ਅਤੇ ਕਈ ਵਾਰ ਜ਼ਰੂਰੀ ਕੰਮ ਲਈ ਉਹ ਲੇਟ ਹੋ ਜਾਂਦੇ ਹਨ।
ਟੋਲ ਪਲਾਜ਼ਾ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਹਾਲੇ ਤੱਕ ਫਾਸਟੈਗ ਦੀ ਜੋ ਵਿਵਸਥਾ ਕੀਤੀ ਗਈ ਸੀ, ਉਹ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਕਿਸੇ ਲੇਨ ਤੇ ਕਦੇ ਕਿਸੇ ਲੇਨ ਤੋਂ ਲੰਘਣ ਲਈ ਕਿਹਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਗੱਡੀਆਂ 'ਤੇ 'ਫਾਸਟੈਗ' ਲੱਗੇ ਹੋਏ ਸਨ, ਉਹ ਵੀ ਪਰੇਸ਼ਾਨ ਹੋ ਰਹੇ ਹਨ। ਰਾਹਗੀਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਤਕਨੀਕੀ ਖਾਮੀਆਂ ਕਾਰਨ ਇਹ ਪ੍ਰਾਜੈਕਟ ਸਹੀ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਲੰਘਣਾ ਕਾਫੀ ਔਖਾ ਹੋ ਰਿਹਾ ਹੈ।

Babita

This news is Content Editor Babita