ਸ਼ਹਿਰ 'ਚ ਵਿਕ ਰਿਹਾ ਹੈ ਖਾਣ-ਪੀਣ ਵਾਲਾ ਘਟੀਆ ਸਾਮਾਨ

11/11/2017 6:09:24 PM

ਕਪੂਰਥਲਾ (ਗੌਰਵ)— ਸ਼ਹਿਰ ਸਮੇਤ ਜ਼ਿਲੇ ਭਰ 'ਚ ਪਿਛਲੇ 3 ਮਹੀਨਿਆਂ ਤੋਂ ਫੈਲੀ ਡੇਂਗੂ ਤੇ ਵਾਇਰਲ ਬੀਮਾਰੀ ਦੇ ਸਿੱਟੇ ਵਜੋਂ 15 ਦੇ ਕਰੀਬ ਲੋਕਾਂ ਦੀ ਜਾਨ ਚਲੇ ਜਾਣ ਦੇ ਬਾਵਜੂਦ ਵੀ ਜਗ੍ਹਾ-ਜਗ੍ਹਾ ਗੰਦਗੀ ਦੇ ਮਾਹੌਲ 'ਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਅਤੇ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਥੇ ਹੀ ਦੀਵਾਲੀ ਦੇ ਦੌਰਾਨ ਕੁਝ ਸੈਂਪਲ ਭਰ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਵਾਲਾ ਸਿਹਤ ਵਿਭਾਗ ਫਿਰ ਤੋਂ ਆਪਣੀ ਕੁੰਭਕਰਨੀ ਨੀਂਦ 'ਚ ਸੌਂ ਗਿਆ ਹੈ।

ਡੇਂਗੂ ਤੇ ਵਾਇਰਲ ਬੁਖਾਰ 'ਚ ਕਪੂਰਥਲਾ ਹੈ ਸੂਬੇ 'ਚ ਦੂਜੇ ਨੰਬਰ 'ਤੇ

ਜ਼ਿਕਰਯੋਗ ਹੈ ਕਿ ਇਸ ਵਾਰ ਡੇਂਗੂ ਅਤੇ ਵਾਇਰਲ ਬੀਮਾਰੀ ਦੇ ਸਿੱਟੇ ਵਜੋਂ ਕਪੂਰਥਲਾ ਸ਼ਹਿਰ ਸੂਬੇ 'ਚ ਮੋਹਾਲੀ ਤਂੋ ਦੂਜੇ ਨੰਬਰ 'ਤੇ ਆ ਗਿਆ ਹੈ ਅਤੇ ਕਈ ਪਰਿਵਾਰਾਂ ਦੇ ਕਮਾਉਣ ਵਾਲੇ ਮੈਂਬਰ ਮੌਤ ਦਾ ਸ਼ਿਕਾਰ ਹੋ ਗਏ ਹਨ ਪਰ ਇਸ ਦੇ ਬਾਵਜੂਦ ਵੀ ਬੀਮਾਰੀਆਂ ਦਾ ਕਾਰਨ ਬਣਨ ਵਾਲੀਆਂ ਗੰਦਗੀ 'ਚ ਬਣਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਅਤੇ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 
ਸ਼ਹਿਰ ਵਿਚ ਲਗਾਤਾਰ ਪੈਦਾ ਹੋ ਰਹੀਆਂ ਖਤਰਨਾਕ ਬੀਮਾਰੀਆਂ ਦੇ ਇਸ ਦੌਰ ਵਿਚ 'ਜਗ ਬਾਣੀ' ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਕਾਫੀ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਵੱਖ-ਵੱਖ ਥਾਵਾਂ 'ਤੇ ਗੰਦਗੀ ਦੇ ਢੇਰਾਂ ਦੇ ਨੇੜੇ ਪਲ ਰਹੇ ਮੱਛਰਾਂ 'ਚ ਜਿੱਥੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਉਥੇ ਹੀ ਰੇਹੜੀਆਂ 'ਤੇ ਵੇਚਿਆ ਜਾ ਰਿਹਾ ਸਾਮਾਨ ਕਿਤੇ ਵੀ ਢੱਕਿਆ ਨਜ਼ਰ ਨਹੀ ਆ ਰਿਹਾ ਸੀ।