ਕਿਸਾਨਾਂ ਨੇ ਫੂਕੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ

12/11/2017 7:37:00 AM

ਭਕਨਾ ਕਲਾਂ,  (ਜਸਬੀਰ)-  ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਉਲੀ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ ਦੀ ਅਗਵਾਈ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਫੂਕੇ। ਇਸ ਸਮੇਂ ਭਰੋਭਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੰਘਰਸ਼ ਕੀਤੇ ਜਾਂਦੇ ਰਹੇ ਹਨ ਤੇ ਸੂਬੇ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਲਈ ਜੋ ਵਾਅਦੇ ਕੀਤੇ ਸਨ, ਕਾਫੀ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ।
ਅੱਜ ਕਿਸਾਨਾਂ ਨੇ ਸਰਕਾਰਾਂ ਦੇ ਪੁਤਲੇ ਫੂਕਦਿਆਂ ਨਾਅਰੇਬਾਜ਼ੀ ਕੀਤੀ, ਨਾਲ ਹੀ ਮੰਗ ਕੀਤੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਮੋਦੀ ਸਰਕਾਰ ਵੱਲੋਂ ਖੇਤੀ ਸੰਦਾਂ 'ਤੇ ਟੈਕਸ ਲਾਉਣ ਵਾਲੇ ਬਿਆਨ ਨੂੰ ਵਾਪਸ ਲਿਆ ਜਾਵੇ, ਕਿਸਾਨਾਂ ਵੱਲੋਂ ਕੀਤੇ ਸੰਘਰਸ਼ਾਂ ਦੌਰਾਨ ਜੋ ਕਿਸਾਨ ਸ਼ਹੀਦ ਹੋ ਗਏ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਦਿਆਂ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਬਲਗੇਰ ਸਿੰਘ ਖਾਰੇ, ਲਖਵਿੰਦਰ ਸਿੰਘ ਡਾਲਾ, ਸੀਨੀਅਰ ਆਗੂ ਜੋਗਾ ਸਿੰਘ, ਸੁਖਦੇਵ ਸਿੰਘ ਹਵੇਲੀਆ, ਭੁਪਿੰਦਰ ਸਿੰਘ ਸੰਧੂ ਮਾਲੂਵਾਲ, ਜਸਬੀਰ ਸਿੰਘ, ਪ੍ਰਭਜੀਤ ਸਿੰਘ ਨੱਥੂਪੁਰਾ ਆਦਿ ਆਗੂ ਹਾਜ਼ਰ ਸਨ।