ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨ ਹੋਏ ਆਹਮੋ-ਸਾਹਮਣੇ, ਕਿਸਾਨਾਂ ਨੇ ਰੁਕਵਾਇਆ ਕੰਮ

01/19/2023 2:27:36 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਬਣਾਉਣ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਬਟਾਲਾ ਨੇੜਲੇ ਪਿੰਡ ਨਵਾਂ ਰੰਗੜ ਨੰਗਲ ਦੇ ਨਜ਼ਦੀਕ ਪ੍ਰਸ਼ਾਸਨ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਕਿਸਾਨਾਂ ਨੇ ਚੱਲਦੇ ਕੰਮ ਨੂੰ ਰੁਕਵਾਉਂਦਿਆਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਘੱਟ ਮੁੱਲ ਦਿੱਤਾ ਗਿਆ ਹੈ ਅਤੇ 100 ਫ਼ੀਸਦੀ ਉਜਾੜਾ ਭੱਤਾ ਵੀ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਕਈ ਹੋਰ ਮੰਗਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿੱਤਾ। ਪ੍ਰਸ਼ਾਸਨ ਅਤੇ ਕਿਸਾਨਾਂ 'ਚ ਬਹਿਸ ਵੀ ਹੋਈ। ਮਾਹੌਲ ਤਣਾਅਪੂਰਨ ਬਣਿਆ ਰਿਹਾ। ਮੌਕੇ 'ਤੇ ਪਹੁੰਚੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਬੇਸਿੱਟਾ ਰਹੀ। ਦੱਸ ਦੇਈਏ ਕਿ ਇਹ ਹਾਈਵੇ ਅੱਗੇ ਜਾ ਕੇ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਨਾਲ ਜਾ ਮਿਲਣਾ ਹੈ।

ਇਹ ਵੀ ਪੜ੍ਹੋ : ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੀ ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਇਲਜ਼ਾਮ, ਖਿਡਾਰੀਆਂ ਦਾ ਕੀਤਾ ਗਿਆ ਸ਼ੋਸ਼ਣ

ਇਸ ਮੌਕੇ ਕਿਸਾਨ ਆਗੂ ਅਤੇ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਸਾਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਸਾਡੀ ਜ਼ਮੀਨ ਦੀ ਪੂਰੀ ਰਕਮ ਹੀ ਸਾਡੇ ਖਾਤਿਆਂ ਵਿੱਚ ਪਾਈ ਗਈ ਹੈ, ਨਾਲ ਹੀ ਸਾਨੂੰ ਇਕ ਸਾਰ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਹਾ ਸੀ ਕਿ ਪੂਰਾ ਮੁੱਲ ਦਿੱਤਾ ਜਾਵੇਗਾ ਅਤੇ ਨਾਲ ਹੀ 100 ਫੀਸਦੀ ਉਜਾੜਾ ਭੱਤਾ ਵੀ ਦਿੱਤਾ ਜਾਵੇਗਾ ਪਰ ਸਾਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਇਸ ਮਸਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜਦ ਤੱਕ ਸਾਨੂੰ ਪੂਰੇ ਮੁੱਲ ਦੇ ਨਾਲ-ਨਾਲ 100 ਫੀਸਦੀ ਉਜਾੜਾ ਭੱਤਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਜ਼ਮੀਨ ਐਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਔਰਤਾਂ, ਮਰਦਾਂ ਅਤੇ ਬੱਚਿਆਂ ’ਚ ਵਧ ਰਹੀਆਂ ‘ਖੁਦਕੁਸ਼ੀਆਂ ਚਿੰਤਾਜਨਕ ਹੱਦ ਤੱਕ’

ਉਥੇ ਹੀ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਮਾਲ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਿਆਸ-ਡੇਰਾ ਬਾਬਾ ਨਾਨਕ ਹਾਈਵੇ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਜ਼ਮੀਨਾਂ ਦਾ ਝਗੜਾ ਚੱਲ ਰਿਹਾ ਹੈ ਜਾਂ ਫਿਰ ਜਿਨ੍ਹਾਂ ਜ਼ਮੀਨਾਂ ਉੱਤੇ ਕਬਜ਼ੇ ਹੋ ਰੱਖੇ ਹਨ, ਕਾਨੂੰਨ ਮੁਤਾਬਕ ਉਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਨਹੀਂ ਦਿੱਤੀ ਜਾ ਸਕਦੀ। ਉਹ ਪਹਿਲਾਂ ਆਪਣੇ ਝਗੜੇ ਨੂੰ ਖਤਮ ਕਰਕੇ ਜਾਂ ਫਿਰ ਕਬਜ਼ੇ ਨੂੰ ਲੈ ਕੇ ਪੁਖਤਾ ਕਾਗਜ਼ਾਤ ਲੈ ਕੇ ਆਉਣ ਤਾਂ ਹੀ ਇਹ ਮੁਆਵਜ਼ਾ ਮਿਲ ਸਕਦਾ ਹੈ। ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਉਥੇ ਹੀ ਡੀਐੱਸਪੀ ਨੇ ਦੱਸਿਆ ਕਿ ਜ਼ਮੀਨ ਐਕਵਾਇਰ ਨੂੰ ਲੈ ਕੇ ਮਸਲਾ ਉਠਿਆ ਸੀ, ਇਸੇ ਲਈ ਮਾਲ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤਾਂ ਕਿ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ। ਫਿਲਹਾਲ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh