ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਮੰਦਾ ਬੋਲਣ ਵਾਲਿਆਂ ’ਤੇ ਵਰ੍ਹੇ ਦਿਲਜੀਤ ਦੋਸਾਂਝ, ਕਿਹਾ ‘ਸ਼ਰਮ ਕਰੋ ਮਾੜੀ ਮੋਟੀ’

12/22/2020 8:55:20 AM

ਨਵੀਂ ਦਿੱਲੀ (ਬਿਊਰੋ)  — ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ  ਦਿਲਜੀਤ ਦੋਸਾਂਝ ਸ਼ੁਰੂ ਤੋਂਹੀ ਆਪਣੇ ਤਰੀਕੇ ਨਾਲ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਦੋ ਪੋਸਟਾਂ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜੋ ਕਿ ਇਕ ਸੁਝਵਾਨ ਇਨਸਾਨ ਹੋਣ ਦਾ ਸਬੂਤ ਹੈ। ਦਰਅਸਲ, ਦਿੱਲੀ ਦੀ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਲੈ ਕੇ ਕਈ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਜਿਹੜੇ ਲੋਕ ਧਰਨਿਆਂ ’ਚ ਬੈਠੇ ਨੇ ਉਹ ਪਤਾ ਨਹੀਂ ਕੌਣ-ਕੌਣ ਹਨ। ਇਸੇ ਨੂੰ ਵੇਖਦਿਆਂ ਦਿਲਜੀਤ ਦੋਸਾਂਝ ਨੇ ਇਹ ਪੋਸਟਾਂ ਤੇ ਟਵੀਟ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਪੋਸਟ ’ਚ ਇਕ ਬਜ਼ਰੁਗ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ ‘ਸਿਆਣੇ ਕਹਿੰਦੇ ਆ ਬੰਦਾ ਮਿੱਟੀ ਨਾਲ ਜੁੜਿਆ ਹੋਣਾ ਚਾਹੀਦਾ, ਦੱਸੋ ਕਿਸਾਨ ਤੋਂ ਜ਼ਿਆਦਾ ਮਿੱਟੀ ਨਾਲ ਕੌਣ ਜੁੜਿਆ ਹੋ ਸਕਦਾ। ਆ ਜਿਹੜੇ ਕਹਿੰਦੇ ਨੇ ਧਰਨੇ ’ਤੇ ਕਿਸਾਨ ਨਹੀਂ ਪਤਾ ਨੀ ਕੌਣ-ਕੌਣ ਬੈਠੇ ਨੇ, ਸ਼ਰਮ ਕਰ ਲੈਣ ਮਾੜੀ-ਮੋਟੀ। ਬਾਬਾ ਭਲੀ ਕਰੇ ਸਭ ਜਲਦੀ ਠੀਕ ਹੋ ਜਾਵੇ।’ 

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਕ ਹੋਰ ਟਵੀਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੰਨ ਬਜ਼ਰੁਗ ਕਿਸਾਨਾਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੇ ਟਵੀਟ ’ਚ ਕਿਹਾ ‘ਮਤ ਸਮਝੋ ਅਗਰ ਆਪਕੇ ਪਾਸ ਜ਼ਿਆਦਾ ਪੈਸੇ ਔਰ ਪਾਵਰ ਹੈ ਤੋਂ ਆਪ ਸਫ਼ਲ ਇਨਸਾਨ ਹੋ। ਜ਼ਿੰਦਗੀ ਕੀ ਬਾਜ਼ੀ ਕਿਸਨੇ ਜਿੱਤੀ ਹੈ ਜੇਯ ਰੱਬ ਜਾਨਤਾ ਹੈ।’ ਦਿਲਜੀਤ ਦੋਸਾਂਝ ਨੇ ਆਪਣੇ ਅੰਦਾਜ਼ ’ਚ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ, ਜੋ ਆਖਦੇ ਹਨ ਕਿ ਕਿਸਾਨ ਅੰਦੋਲਨ ’ਚ ਬੈਠੇ ਲੋਕ ਕਿਸਾਨ ਨਹੀਂ ਹਨ। 

ਬੱਬੂ ਮਾਨ ਕਰ ਰਹੇ ਨੇ ਕਿਸਾਨ ਅੰਦੋਲਨ ’ਚ ਸੇਵਾ
ਹਾਲ ਹੀ ’ਚ ਬੱਬੂ ਮਾਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਬੱਬੂ ਮਾਨ ਕਿਸਾਨੀ ਅੰਦੋਲਨ ’ਚ ਪਹੁੰਚ ਕੇ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ’ਚ ਬੱਬੂ ਮਾਨ ਦੀਆਂ ਕੁਝ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਗਾਜ਼ੀਪੁਰ ਬਾਰਡਰ ਦੀਆਂ ਹਨ। ਇਨ੍ਹਾਂ ਵੀਡੀਓਜ਼ ’ਚ ਬੱਬੂ ਮਾਨ ਝਾੜੂ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹ ਕੂੜਾ ਕਰਕਟ ਵੀ ਇਕੱਠਾ ਕਰ ਰਹੇ ਹਨ। ਇਕ ਵੀਡੀਓਜ਼ ’ਚ ਬੱਬੂ ਮਾਨ ਲੰਗਰ ਵਰਤਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਕਿਸਾਨ ਅੰਦੋਲਨ ’ਚ ਪਹੁੰਚਿਆ ਗਾਇਕ ਸਿੱਧੂ ਮੂਸੇ ਵਾਲਾ
ਬੀਤੇ ਦਿਨ ਕਿਸਾਨ ਅੰਦੋਲਨ ’ਚ ਗਾਇਕ ਸਿੱਧੂ ਮੂਸੇ ਵਾਲਾ ਵੀ ਪਹੁੰਚਿਆ। ਇਸ ਦੌਰਾਨ ਉਨ੍ਹਾਂ ਨੇ ਖ਼ਾਲਸਾ ਏਡ ਨਾਲ ਰਲ ਕੇ ਕਿਸਾਨਾਂ ਦੀ ਸੇਵਾ ਕੀਤੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ। 
ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਪਹਿਲਾਂ ਵੀ ਦੇ ਚੁੱਕਾ ਹੈ। ਕੁਝ ਦਿਨ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਨੇ ਦਿੱਲੀ ਪਹੁੰਚ ਕੇ ਕਿਸਾਨਾਂ ਦੀ ਹਾਂ ’ਚ ਹਾਂ ਮਿਲਾਈ ਸੀ।

 ਉਥੇ ਸਿੱਧੂ ਮੂਸੇ ਵਾਲਾ ਵਲੋਂ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਵੀ ਕਰਾਰਾ ਜਵਾਬ ਦਿੱਤਾ ਗਿਆ। ਪਾਇਲ ਨੇ ਦਿਲਜੀਤ ਦੋਸਾਂਝ ਤੇ ਕਿਸਾਨੀ ਅੰਦੋਲਨ ’ਤੇ ਗਲਤ ਸ਼ਬਦਾਵਲੀ ਵਰਤੀ ਸੀ, ਜਿਸ ਦਾ ਸਿੱਧੂ ਵਲੋਂ ਸਖਤ ਵਿਰੋਧ ਕੀਤਾ ਗਿਆ ਤੇ ਰੱਜ ਕੇ ਝਾੜ ਪਾਈ ਗਈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।

 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

sunita

This news is Content Editor sunita