ਕੇਂਦਰ ਨਾਲ ਬੈਠਕ ਤੋਂ ਪਹਿਲਾਂ ਕਿਸਾਨਾਂ ਦੇ ਸਮਰਥਨ 'ਚ ਆਏ ਧਰਮਿੰਦਰ, ਟਵੀਟ ਕਰ ਆਖੀ ਇਹ ਗੱਲ

01/04/2021 12:14:29 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਧਰਮਿੰਦਰ ਕਿਸਾਨਾਂ ਦੇ ਸਮਰਥਨ ’ਚ ਹੈ। ਸੋਸ਼ਲ ਮੀਡੀਆ ’ਤੇ ਵੀ ਉਹ ਪੋਸਟ ਕਰਕੇ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਸੋਮਵਾਰ ਨੂੰ ਧਰਮਿੰਦਰ ਨੇ ਟਵਿੱਟਰ ’ਤੇ ਕਿਸਾਨਾਂ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ਼ ਮਿਲ ਜਾਵੇ। ਜੀ ਜਾਨ ਤੋਂ ਅਰਦਾਸ ਕਰਦਾ ਹਾਂ। ਹਰ ਇਕ ਨੇਕ ਰੂਹ ਨੂੰ ਸਕੂਨ ਮਿਲ ਜਾਵੇਗਾ।’ ਦੱਸ ਦਈਏ ਕਿ ਕਿਸਾਨ 26 ਨਵੰਬਰ ਤੋਂ ਦਿੱਲੀ ਬਾਰਡਰ ’ਤੇ ਬੈਠੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦੀ ਅੱਜ ਯਾਨੀ ਕਿ 4 ਦਸਬੰਰ ਨੂੰ 7ਵੇਂ ਦੌਰ ਦੀ ਗੱਲਬਾਤ ਹੋਵੇਗੀ। ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਦਿੱਲੀ ਸਥਿਤ ਵਿਗਿਆਨ ਭਵਨ 'ਚ ਦੁਪਹਿਰ 2 ਵਜੇ ਬੈਠਕ ਕਰਨਗੇ। ਹੁਣ ਤੱਕ 6 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ 'ਚ ਕੋਈ ਹੱਲ ਨਹੀਂ ਨਿਕਲਿਆ। ਅਜੇ ਵੀ ਗੱਲ ਉੱਥੇ ਹੀ ਅੜੀ ਹੈ, ਜਿੱਥੇ ਪਹਿਲਾਂ ਸੀ। ਸਰਕਾਰ ਨੇ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ 2020 ਨੂੰ ਲੈ ਕੇ ਦੋ ਮੰਗਾਂ ਮੰਨੀਆਂ ਹਨ ਪਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਕਾਨੂੰਨੀ ਰੂਪ ਦੇਣ ਦੀ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਹਾਲੇ ਤੱਕ ਨਹੀਂ ਮੰਨੀਆਂ ਹਨ, ਜਿਸ 'ਤੇ ਅੱਜ ਮੰਥਨ ਹੋਵੇਗਾ। ਜੇਕਰ ਸਰਕਾਰ, ਕਿਸਾਨਾਂ ਦੀਆਂ ਇਹ ਦੋ ਮੰਗਾਂ ਨਹੀਂ ਮੰਨਦੀ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ 6 ਅਤੇ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਕੱਢੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਸੋਧ ਦੀ ਨਹੀਂ ਸਗੋਂ ਅਸੀਂ ਤਿੰਨੋਂ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਾਂ। ਜੇਕਰ ਅੱਜ ਦੀ ਚਰਚਾ 'ਚ ਸਰਕਾਰ ਨਹੀਂ ਮੰਨਦੀ ਤਾਂ ਗਣਤੰਤਰ ਦਿਵਸ ਦੇ ਦਿਨ ਦਿੱਲੀ ਵੱਲ ਟਰੈਕਟਰ ਪਰੇਡ ਕੱਢੀ ਜਾਵੇਗੀ। 


ਕਿਸਾਨਾਂ ਦੇ ਸਮਰਥਨ ’ਚ ਧਰਮਿੰਦਰ ਦਾ ਟਵੀਟ
ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ’ਚ ਟਵੀਟ ਕਰਦੇ ਹੋਏ ਲਿਖਿਆ ਸੀ, ‘ਮੈਂ ਆਪਣੇ ਕਿਸਾਨ ਭਰਾਵਾਂ ਦਾ ਦੁੱਖ ਦੇਖ ਕੇ ਬਹੁਤ ਦੁੱਖੀ ਹਾਂ। ਸਰਕਾਰ ਨੂੰ ਜਲਦੀ ਹੀ ਹੱਲ ਕੱਢਣਾ ਚਾਹੀਦਾ ਹੈ।

ਟਵੀਟ ਡਿਲੀਟ ਕਰਨ ਕਰਕੇ ਹੋਣਾ ਪਿਆ ਟਰੋਲ
ਧਰਮਿੰਦਰ ਉਦੋ ਟਰੋਲਸ ਦੇ ਨਿਸ਼ਾਨੇ ਆਏ ਜਦੋਂ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ’ਚ ਕੀਤਾ ਟਵੀਟ ਡਿਲੀਟ ਕਰ ਦਿੱਤਾ ਸੀ। ਧਰਮਿੰਦਰ ਨੇ ਟਵੀਟ ’ਚ ਲਿਖਿਆ ਸੀ, ‘ਸਰਕਾਰ ਨੂੰ ਬੇਨਤੀ ਹੈ, ਕਿਸਾਨ ਭਰਾਵਾਂ ਦੀ ਸਮੱਸਿਆ ਦਾ ਕੋਈ ਹੱਲ ਜਲਦੀ ਕੱਢ ਲਵੇ। ਦਿੱਲੀ ’ਚ ਕੋਰੋਨਾ ਕੇਸ ਵਧ ਰਹੇ ਹਨ, ਦਰਦ ਹੁੰਦਾ ਹੈ ਇਹ ਸਭ ਵੇਖ ਕੇ।’ ਧਰਮਿੰਦਰ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਗਿਆ ਸੀ ਪਰ ਫ਼ਿਰ ਅਚਾਨਕ ਹੀ ਧਰਮਿੰਦਰ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ ਸਨ। 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita