ਭਾਰਤ ਬੰਦ: ਟਵਿੱਟਰ 'ਤੇ ਵੀ ਟਰੈਂਡ ਕਰਨ ਲੱਗਾ 'ਆਜ ਭਾਰਤ ਬੰਦ ਹੈ' ਦਾ ਹੈਸ਼ਟੈਗ

12/08/2020 12:34:16 PM

ਜਲੰਧਰ (ਹਰਨੇਕ ਸਿੰਘ ਸੀਚੇਵਾਲ): ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਅੱਜ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪਿਛਲੇ 12 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ  'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ ਦਾ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਹਾਲਾਂਕਿ ਕੱਲ੍ਹ 9 ਦਸੰਬਰ ਨੂੰ ਇਕ ਵਾਰ ਫਿਰ ਤੋਂ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਹੋਵੇਗੀ। ਪੰਜਾਬ ਦੇ ਨਾਲ-ਨਾਲ ਰਾਜਸਥਾਨ, ਛੱਤੀਸਗੜ੍ਹ, ਦੱਖਣੀ ਭਾਰਤ ਦੇ ਕਈ ਸੂਬਿਆਂ 'ਚ ਵੀ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।ਹਾਲਾਂਕਿ ਭਾਜਪਾ ਦੀ ਸੱਤਾ ਵਾਲੇ ਇਲਾਕਿਆਂ 'ਚ ਬੰਦ ਦਾ ਜ਼ਿਆਦਾ ਅਸਰ ਰਹਿਣ ਦੀ ਸੰਭਾਵਨਾ ਨਹੀਂ ਹੈ। ਬੰਗਾਲ ਤੇ ਉੜੀਸਾ 'ਚ ਵੀ ਰੇਲਾਂ ਰੋਕੀਆਂ ਗਈਆਂ ਹਨ। ਕੋਲਕਾਤਾ 'ਚ ਜਾਦਬਪੁਰ ਰੇਲਵੇ ਸਟੇਸ਼ਨ 'ਤੇ ਕਈ ਸਿਆਸੀ ਪਾਰਟੀਆਂ ਦੇ ਕਾਰਕੁਨ ਰੇਲਵੇ ਪਟੜੀਆਂ 'ਤੇ ਬੈਠ ਗਏ ਹਨ। ਭੁਵਨੇਸ਼ਵਰ, ਮਹਾਂਰਾਸ਼ਟਰ 'ਚ ਵੀ ਕਈ ਥਾਂਈ ਟਰੈਕ ਜਾਮ ਕੀਤੇ ਗਏ ।ਅਜਿਹੇ 'ਚ ਟਵਿੱਟਰ 'ਤੇ ਵੀ ਭਾਰਤ ਬੰਦ ਨੂੰ ਸਮਰਥਨ ਮਿਲ ਰਿਹਾ ਹੈ ਤੇ ਟਵਿੱਟਰ 'ਤੇ 'ਆਜ ਭਾਰਤ ਬੰਦ ਹੈ' ਹੈਸ਼ਟੈਗ ਟਰੈਂਡ ਕਰਨ ਲੱਗਾ ਹੈ।

ਇਹ ਵੀ ਪੜ੍ਹੋ: ਇਕ ਪਾਸੇ ਦਿੱਲੀ ਦੀ ਜੂਹ 'ਚ ਬੈਠੇ ਕਿਸਾਨ,ਦੂਜੇ ਪਾਸੇ 'ਹੈਸ਼ਟੈਗਾਂ' ਨੇ ਉਡਾਈ ਸਰਕਾਰਾਂ ਦੀ ਨੀਂਦ

ਤਕਨੀਕ ਨਾਲ਼ ਜੁੜੇ ਪੰਜਾਬੀ ਗੱਭਰੂਆਂ ਨੇ ਕਿਸਾਨੀ ਬੋਲ ਆਲਮੀ ਪੱਧਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ।ਕੈਨਡਾ ਤੋਂ ਉੱਠੀ ਇਸ ਆਵਾਜ਼ ਨਾਲ ਕੁੱਲ ਆਲਮ ਦੇ ਪੰਜਾਬੀਆਂ ਨੇ ਸੁਰ ਸਾਂਝੀ ਕੀਤੀ ।ਕੈਨੇਡਾ ਵਸਦੇ ਅਮਨਦੀਪ ਢਿੱਲੋਂ ਦੱਸਦੇ ਨੇ ਕਿ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਧਰਨਿਆਂ ਤੇ ਬੈਠੇ ਕਿਸਾਨਾਂ ਦੀ ਹੂਕ ਜਦੋਂ ਕਿਸੇ ਨੇ ਨਾ ਗੌਲ਼ੀ ਤਾਂ ਕਿਸਾਨ ਅੱਕ ਹਾਰ ਕਿ ਦਿੱਲੀ ਵੱਲ ਰਵਾਨਾ ਹੋਏ।ਅਜਿਹੇ ਮੌਕੇ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੇ ਤਕਨੀਕ ਦੀ ਵਰਤੋਂ ਨਾਲ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਦਾ ਮਨ ਬਣਾਇਆ।ਫਿਰ ਅਰਵਿੰਦਰ ਸਿੰਘ,ਜਸ਼ਨਦੀਪ ਸਿੰਘ ਨਾਲ ਰਲ ਕੇ ਟਵਿੱਟਰ ਤੇ ਹੈਸ਼ਟੈਗ ਮੁਹਿੰਮ ਸ਼ੁਰੂ ਕੀਤੀ।ਇਨ੍ਹਾਂ ਹੈਸ਼ਟੈਗਾਂ ਚ FarmerProtest,FarmersProtest, StandwithFarmerChallene ਟੈਗ ਦੇਣੇ ਸ਼ੁਰੂ ਕੀਤੇ।ਇਹ ਨੁਕਤਾ ਕਾਰਗਰ ਰਿਹਾ ਤੇ ਪਹਿਲੇ ਚਾਰ ਦਿਨਾਂ ਚ ਹੀ 10 ਮਿਲੀਅਨ ਦਾ ਅੰਕੜਾ ਪੂਰਾ ਹੋ ਗਿਆ।ਇਸ ਦਾ ਨੋਟਿਸ ਟਵਿੱਟਰ ਨੇ ਵੀ ਲਿਆ ਅਤੇ ਵਰਲਡ ਨਿਊਜ਼ ਪੇਜ਼ ਤੇ ਤਿੰਨ ਦਿਨ India's 'Delhi Chalo' farmers protest captured in pictures ਖ਼ਬਰ ਚਲਾਈ।ਜਦੋਂ ਤੋਂ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਹੋਕਾ ਦਿੱਤਾ ਹੈ, ਟਵਿੱਟਰ ਨਾਲ ਜੁੜੇ ਵਿਅਕਤੀਆਂ ਨੇ ਕਈ ਤਰ੍ਹਾਂ ਦੇ ਟੈਗ ਦੇਣੇ ਸ਼ੁਰੂ ਕਰ ਦਿੱਤੇ ਹਨ।ਅਜਿਹੇ 'ਚ 'ਆਜ ਭਾਰਤ ਬੰਦ ਹੈ' ਦਾ ਹੈਸ਼ਟੈਗ ਟਰੈਂਡ ਕਰਨ ਲੱਗਾ ਹੈ।

ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ

ਅਮਨਦੀਪ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਰਾਜਨੀਤਿਕ ਦਲਾਂ ਦੇ ਆਈ ਟੀ ਵਿੰਗ ਬਣੇ ਹੋਏ ਹਨ ਜੋ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਕਿਸਾਨ ਅੰਦੋਲਨ ਨੂੰ ਵੱਖਵਾਦੀਆਂ ਦਾ ਅੰਦੋਲਨ ਦੱਸ ਕਿ ਵਿਸ਼ਵ ਪੱਧਰ ਤੇ ਬਦਨਾਮ ਕਰਨਾ ਚਾਹੁੰਦੇ ਹਨ।ਇਹ ਹੈਸ਼ਟੈਗ ਮੁਹਿੰਮ ਅਸਲ ਚ ਪੂਰੀ ਦੁਨੀਆ ਅੱਗੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੀ ਸ਼ਿਕਾਰ ਹੋਈ ਕਿਸਾਨੀ ਦੀ ਅਸਲ ਤਸਵੀਰ ਰੱਖਣ ਦਾ ਜ਼ਰੀਆ ਹੈ।ਕਿਸਾਨਾਂ ਨੂੰ ਵੱਖਵਾਦੀ ਕਹਿਕੇ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਦੇ ਵਿਰੁੱਧ ਹੀ ਇਹ ਮੁਹਿੰਮ ਤੋਰੀ ਗਈ ਹੈ।ਪੰਜਾਬ ਬੈਠੇ ਨੌਜਵਾਨਾਂ ਨੇ ਟਵਿੱਟਰ 'ਤੇ ਆਪਣੇ ਅਕਾਊਂਟ ਬਣਾਉਣੇ ਸ਼ੁਰੂ ਕੀਤੇ ਅਤੇ ਵੱਡੇ ਪੱਧਰ 'ਤੇ ਹੈਸ਼ਟੈਗ ਕਰਕੇ ਦੁਨੀਆ ਦਾ ਧਿਆਨ ਇਸ ਪਾਸੇ ਵੱਲ ਖਿੱਚਿਆ।ਅਮਨਦੀਪ ਦਾ ਕਹਿਣਾ ਹੈ ਕਿ ਬੇਸ਼ੱਕ ਨੈਸ਼ਨਲ ਮੀਡੀਆ ਨੇ ਇਸ ਅੰਦੋਲਨ ਨੂੰ ਕਵਰ ਕਰਨ ਲਈ ਗੰਭੀਰਤਾ ਨਹੀਂ ਵਿਖਾਈ ਪਰ ਟਵਿੱਟਰ ਦੀ ਹੈਸ਼ਟੈਗ ਮੁਹਿੰਮ ਨੇ ਕਿਸਾਨਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰਨ ਵਿੱਚ ਯੋਗਦਾਨ ਪਾਇਆ ਹੈ। ਸਰਕਾਰਾਂ ਨੇ ਬੇਸ਼ੱਕ ਮੀਡੀਆ ਦੇ ਇੱਕ ਹਿੱਸੇ ਨੂੰ ਆਪਣੇ ਪ੍ਰਬੰਧ ਅਧੀਨ ਰੱਖਿਆ ਹੋਇਆ ਹੈ ਪਰ ਟਵਿੱਟਰ 'ਤੇ ਇਸ ਮੁਹਿੰਮ ਨੇ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਹੈ ।

ਨੋਟ: ਟਵਿੱਟਰ 'ਤੇ ਵੀ ਟਰੈਂਡ ਕਰਨ ਲੱਗਾ 'ਆਜ ਭਾਰਤ ਬੰਦ ਹੈ' ਦੇ ਹੈਸ਼ਟੈਗ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal