ਵੱਡੀ ਖ਼ਬਰ: ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਕੀਤੀ ਗਈ ਪਹਿਲੀ ਮੀਟਿੰਗ ਰਹੀ ਬੇਸਿੱਟਾ

08/22/2021 7:16:08 PM

ਜਲੰਧਰ/ਚੰਡੀਗੜ੍ਹ (ਰਾਹੁਲ,ਰਮਨਜੀਤ)- ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਕੀਤੀ ਗਈ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਗੰਨਾ ਕਿਸਾਨਾਂ ਦੇ ਅੰਦੋਲਨ ਸਬੰਧੀ ਸਹਿਕਾਰਤਾ ਮੰਤਰੀ ਅਤੇ ਹਾਲ ਹੀ ਵਿਚ ਮੁੱਖ ਮੰਤਰੀ ਵੱਲੋਂ ਗਠਿਤ ਕੀਤੇ ਗਏ ਗੰਨਾ ਵਿਕਾਸ ਸਮੂਹ ਦੇ ਮੁਖੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿਸਾਨ ਨੇਤਾਵਾਂ ਨਾਲ ਬੈਠਕ ਕੀਤੀ ਗਈ ਹੈ। ਕਈ ਘੰਟੇ ਚੱਲੀ ਬੈਠਕ ਹਾਲਾਂਕਿ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ ਪਰ ਚਰਚਾ ਹੈ ਕਿ ਬੈਠਕ ਸਕਾਰਾਤਮਕ ਰਹੀ ਅਤੇ ਸੰਭਾਵਨਾ ਬਣੀ ਹੈ ਕਿ ਇਕ-ਦੋ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਦੀ ਗੰਨੇ ਦੇ ਭਾਅ ਨੂੰ ਲੈ ਕੇ ਬੈਠਕ ਹੋਵੇਗੀ ਅਤੇ ਉਸ ਵਿਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ ਲਾਗਤ ਮੁੱਲ ਨੂੰ ਲੈ ਕੇ ਕਾਫ਼ੀ ਦੇਰ ਤੱਕ ਚਰਚਾ ਹੁੰਦੀ ਰਹੀ। ਕਿਸਾਨ ਦਾਅਵਾ ਕਰ ਰਹੇ ਸਨ ਕਿ ਗੰਨੇ ਦੀ ਕੌਸਟ ਆਫ਼ ਪ੍ਰੋਡਕਸ਼ਨ 385 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈ ਰਹੀ ਹੈ ਜਦਕਿ ਸਰਕਾਰ ਇਹ ਮੰਨ ਗਈ ਸੀ ਕਿ 350 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਪੈ ਸਕਦੀ ਹੈ। ਕਾਫ਼ੀ ਦੇਰ ਤੱਕ ਚੱਲੀ ਮੀਟਿੰਗ ਦੌਰਾਨ ਕਿਸਾਨ ਅੜੇ ਰਹੇ ਕਿ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕੋਈ ਹੱਲ ਨਾ ਨਿਕਲਦਾ ਵੇਖ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਜਦਕਿ ਨਤੀਜਾ ਬੇਸਿੱਟਾ ਰਿਹਾ। ਇਥੇ ਦੱਸ ਦੇਈਏ ਕਿ ਕਿਸਾਨਾਂ ਅਤੇ ਸਰਕਾਰ ਦੀ ਹੁਣ ਅਗਲੀ ਮੀਟਿੰਗ ਕੱਲ੍ਹ ਯਾਨੀ ਸੋਮਵਾਰ ਦੁਪਹਿਰ ਸਾਢੇ ਤਿੰਨ ਵਜੇ ਰੱਖੀ ਗਈ ਹੈ। ਇਸ ’ਚ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਸਹਿਕਾਰਤਾ ਮਹਿਕਮੇ ਦੇ ਅਫ਼ਸਰ ਖੇਤੀਬਾੜੀ ਯੂਨੀਵਰਸਿਟੀ ਦੇ ਅਫ਼ਸਰ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਐਤਵਾਰ ਨੂੰ ਹੋਈ ਬੈਠਕ ਵਿਚ ਬਲਬੀਰ ਸਿੰਘ ਰਾਜੇਵਾਲ, ਡੱਲੇਵਾਲ, ਲੱਖੋਵਾਲ ਅਤੇ ਕਾਦੀਆਂ ਸਮੇਤ ਤਕਰੀਬਨ 10-12 ਜਥੇਬੰਦੀਆਂ ਦੇ ਨੇਤਾ ਮੌਜੂਦ ਰਹੇ। ਸਵੇਰੇ ਤਕਰੀਬਨ 11 ਵਜੇ ਸ਼ੁਰੂ ਹੀ ਬੈਠਕ ਦੌਰਾਨ ਸਰਕਾਰ ਵੱਲੋਂ ਗੰਨਾ ਵਿਕਾਸ ਸਮੂਹ ਦੇ ਮੈਂਬਰਾਂ ਅਤੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਬੇਨਤੀ ਕੀਤੀ ਗਈ ਕਿ ਰੱਖੜੀ ਦੇ ਤਿਓਹਾਰ ਅਤੇ ਇਨ੍ਹੀਂ ਦਿਨੀਂ ਚੱਲ ਰਹੀਆਂ ਭਰਤੀ ਪ੍ਰੀਖਿਆਵਾਂ ਦੇ ਮੱਦੇਨਜ਼ਰ ਰੇਲਾਂ ਅਤੇ ਸੜਕ ਆਵਾਜਾਈ ’ਤੇ ਲਗਾਈਆਂ ਗਈਆਂ ਰੋਕਾਂ ਨੂੰ ਮੁੱਖ ਮੰਤਰੀ ਦੇ ਨਾਲ ਬੈਠਕ ਹੋਣ ਤੱਕ ਟਾਲ ਦਿੱਤਾ ਜਾਵੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਰੇਲ ਆਵਾਜਾਈ ਰੋਕੇ ਜਾਣ ਦੇ ਕਾਰਨ ਪਹਿਲਾਂ ਤੋਂ ਹੀ ਘੱਟ ਚੱਲ ਰਹੀ ਡੀ. ਏ. ਪੀ. ਖਾਦ ਦੀ ਸਪਲਾਈ ’ਤੇ ਵੀ ਉਲਟ ਅਸਰ ਪਵੇਗਾ ਪਰ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਜਦੋਂ ਤੱਕ ਗੰਨੇ ਦੇ ਮੁੱਲ ’ਤੇ ਕੋਈ ਠੋਸ ਫ਼ੈਸਲਾ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਜੱਥੇਬੰਦੀਆਂ ਆਪਣਾ ਸੰਘਰਸ਼ ਪਿੱਛੇ ਨਹੀਂ ਹਟਾ ਸਕਦੀਆਂ ਅਤੇ ਹਾਈਵੇ ਅਤੇ ਰੇਲ ਟਰੈਕ ਜਾਮ ਰੱਖੇ ਜਾਣਗੇ।

ਪ੍ਰਤੀ ਏਕੜ ਲਾਗਤ ਬਾਰੇ ਵੀ ਹੋਈ ਚਰਚਾ
ਸੂਤਰਾਂ ਮੁਤਾਬਕ ਬੈਠਕ ਦੌਰਾਨ ਗੰਨਾ ਉਤਪਾਦਨ ਲਈ ਪ੍ਰਤੀ ਏਕੜ ਆਉਣ ਵਾਲੀ ਲਾਗਤ ਨੂੰ ਲੈ ਕੇ ਲੰਮੀ-ਚੌੜੀ ਚਰਚਾ ਹੋਈ ਤਾਂ ਕਿ ਗੰਨੇ ਦਾ ਮੁੱਲ ਤੈਅ ਕਰਦੇ ਸਮੇਂ ਉਸ ਨੂੰ ਧਿਆਨ ਵਿਚ ਰੱਖਿਆ ਜਾ ਸਕੇ। ਇਸ ਦੌਰਾਨ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਨੇ ਇਸ ਗੱਲ ’ਤੇ ਘੋਰ ਇਤਰਾਜ਼ ਜਤਾਇਆ ਕਿ ਗੰਨੇ ਦਾ ਮੁੱਲ ਤੈਅ ਕਰਦੇ ਸਮੇਂ ਕਿਸਾਨ ਯੂਨੀਅਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ ਕੀਤਾ ਗਿਆ ਅਤੇ ਕਿਸਾਨਾਂ ਦੀ ਗੱਲ ਰੱਖਣ ਲਈ ਉਨ੍ਹਾਂ ਦੇ ਪ੍ਰਤਿਨਿਧੀ ਦੇ ਰੂਪ ਵਿਚ ਕਿਸੇ ਦੀ ਵੀ ਹਾਜ਼ਰੀ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਇਸ ’ਤੇ ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਇਸ ਦਾ ਪਤਾ ਲਗਾਇਆ ਜਾਵੇਗਾ ਕਿ ਅਜਿਹਾ ਕਿਉਂ ਹੋਇਆ?

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

3 ਵਜੇ ਤੱਕ ਚੱਲੀ ਬੈਠਕ ਦੌਰਾਨ ਨਾ ਸਿਰਫ਼ ਸਹਿਕਾਰਤਾ ਮੰਤਰੀ, ਸਰਕਾਰ ਦੇ ਪ੍ਰਤੀਨਿਧੀਆਂ ਅਤੇ ਕਿਸਾਨ ਨੇਤਾਵਾਂ ਨੇ ਇਕੱਠੇ ਖਾਣਾ ਖਾਧਾ, ਸਗੋਂ ਇਸ ਦੌਰਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿਸਾਨ ਨੇਤਾਵਾਂ ਦੀ ਮੁੱਖ ਮੰਤਰੀ ਦੇ ਨਾਲ ਟੈਲੀਫੋਨ ’ਤੇ ਗੱਲ ਵੀ ਕਰਾਈ ਗਈ, ਜਿਸ ਤੋਂ ਬਾਅਦ ਤੈਅ ਹੋਇਆ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ਦੇ ਅੰਦਰ ਮੁੱਖ ਮੰਤਰੀ ਕਿਸਾਨ ਨੇਤਾਵਾਂ ਨਾਲ ਬੈਠ ਕੇ ਗੰਨੇ ਦੇ ਮੁੱਲ ਬਾਰੇ ਅਤੇ ਹੋਰ ਮੰਗਾਂ ਸਬੰਧੀ ਬੈਠਕ ਕਰਨਗੇ। ਉਥੇ ਹੀ, ਬੈਠਕ ਖ਼ਤਮ ਹੋਣ ਤੋਂ ਬਾਅਦ ਕਿਸਾਨ ਨੇਤਾਵਾਂ ਦੇ ਨਾਲ ਮੰਤਰੀ ਰੰਧਾਵਾ ਨੇ ਗੈਰ-ਰਸਮੀਂ ਗੱਲਬਾਤ ਕੀਤੀ ਤਾਂ ਕਿ ਕਿਸਾਨ ਜੱਥੇਬੰਦੀਆਂ ਦੀਆਂ ਮੰਗਾਂ ਸਬੰਧੀ ਤਫ਼ਸੀਲ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਸੰਭਾਵਤ ਹੱਲ ਵੀ ਲੱਭੇ ਜਾ ਸਕਣ। ਕਿਉਂਕਿ ਬੈਠਕ ਵਿਚ ਉਠੇ ਕੁਝ ਮਸਲਿਆਂ ’ਤੇ ਤੱਥਾਂ ਅਤੇ ਅੰਕੜਿਆਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਇਸ ਲਈ ਸਹਿਕਾਰਤਾ ਮੰਤਰੀ ਰੰਧਾਵਾ ਵਲੋਂ ਕਿਸਾਨ ਨੇਤਾਵਾਂ ਨੂੰ ਸੋਮਵਾਰ ਨੂੰ ਫਿਰ ਤੋਂ ਇਕ ਹੋਰ ਬੈਠਕ ਲਈ ਬੁਲਾਇਆ ਗਿਆ ਹੈ ਤਾਂ ਕਿ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਮਸਲੇ ਦਾ ਹੱਲ ਕੱਢਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਗੰਨੇ ਦੀ ਕੀਮਤ ’ਚ ਵਾਧਾ ਅਤੇ ਬਕਾਇਆ ਰਾਸ਼ੀ ਲੈਣ ਲਈ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ਦਿੱਲੀ ਨੈਸ਼ਨਲ-ਹਾਈਵੇਅ ’ਤੇ ਲੱਗੇ ਧਰਨਾ ਲਗਾਤਾਰ ਜਾਰੀ ਹੈ। ਬੀਤੇ ਦਿਨ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਗਲਵਾਰ ਸਵੇਰੇ ਦੱਸ ਵਜੇ ਤੱਕ ਜੇਕਰ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਹਾਈਵੇਅ ਜਾਮ ਕੀਤੇ ਜਾਣਗੇ। ਇਸ ਦੀ ਜਾਣਕਾਰੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ ਮਨਜੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਸੀ। ਇਸ ਦੇ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। 

ਫਿਲਹਾਲ ਧੰਨੋਵਾਲੀ ਰੇਲਵੇ ਫਾਟਕ ਅਤੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਪੂਰਨ ਤੌਰ ’ਤੇ ਬੰਦ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਵੀ ਰਨਾ ਪੈ ਰਿਹਾ ਹੈ। ਜਲੰਧਰ ਦੇ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਹਨ ਅਤੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕਈਆਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri