ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸਰਕਾਰ ਨੂੰ ਦਿੱਤਾ ਮੰਗ ਪੱਤਰ

10/25/2021 3:21:15 PM

ਰੋਪੜ (ਸੱਜਣ ਸੈਣੀ)- ਬੀਤੇ ਦਿਨੀਂ ਪੰਜਾਬ ਭਰ ਦੇ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪੰਜਾਬ ਭਰ ਦੇ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਰੂਪਨਗਰ ਦੇ ਵਿੱਚ ਮੁੱਖ ਮੰਤਰੀ ਚੰਨੀ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਜਲਦੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਪਏ ਮੀਂਹ ਅਤੇ ਗੜ੍ਹੇਮਾਰੀ ਕਾਰਨ ਪੰਜਾਬ ਭਰ ਦੇ ਕਿਸਾਨਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਬੜੇ ਸਿਤਮ ਦੀ ਗੱਲ ਹੈ ਕਿ ਜਦੋਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਿਸੇ ਕੁਦਰਤੀ ਆਫ਼ਤਾਂ ਨਾਲ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਮੁਆਵਜ਼ੇ ਲੈਣ ਲਈ ਮੰਗ ਪੱਤਰ ਦੇਣੇ ਪੈਂਦੇ ਜਾਂ ਧਰਨੇ ਲਾਉਣੇ ਪੈਂਦੇ ਹਨ ਪਰ ਕਦੇ ਵੀ ਕੋਈ ਐੱਮ. ਪੀ. ਐੱਮ. ਐੱਲ. ਏ. ਆਪਣੀਆਂ ਤਨਖ਼ਾਹਾਂ ਜਾਂ ਭੱਤੇ ਵਧਾਉਣ ਲਈ ਧਰਨੇ ਲਗਾਉਂਦੇ ਨਹੀਂ ਵੇਖੇ। 

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਇਸ ਮੌਕੇ ਗੁਰਨਾਮ ਸਿੰਘ ਜੱਸੜਾਂ ਸਮੇਤ ਹੋਰ ਕਿਸਾਨਾਂ ਨੇ ਕਿਹਾ ਕਿ ਮੀਂਹ ਕਾਰਨ ਖ਼ਰਾਬ ਹੋਈ ਫ਼ਸਲ ਦੀ ਸਰਕਾਰ ਇਕ ਹਫ਼ਤੇ ਦੇ ਵਿੱਚ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਅਤੇ ਮੀਂਹ ਕਾਰਨ ਜੋ ਪੰਜਾਬ ਭਰ ਦੀਆਂ ਮੰਡੀਆਂ ਦੇ ਵਿੱਚ ਖ਼ਰੀਦ ਪ੍ਰਭਾਵਿਤ ਹੋਈ ਹੈ, ਉਸ ਦੇ ਲਈ ਸਰਕਾਰ ਨੂੰ 20 ਨਵੰਬਰ ਤੱਕ ਖ਼ਰੀਦ ਦਾ ਸਮਾਂ ਵਧਾਉਣਾ ਚਾਹੀਦਾ ਹੈ ਅਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਸਲਾਂ ਲਈ ਖਾਦਾਂ ਨਹੀਂ ਮਿਲ ਰਹੀਆਂ ਜਿਸ ਦਾ ਸਰਕਾਰ ਤੁਰੰਤ ਪ੍ਰਬੰਧ ਕਰੇ। ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਵਿੱਚ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਉਹ ਪੰਜਾਬ ਦੀਆਂ ਸੜਕਾਂ 'ਤੇ ਧਰਨੇ ਦੇਣ ਲਈ ਮਜਬੂਰ ਹੋਣਗੇ। 

ਇਹ ਵੀ ਪੜ੍ਹੋ: ਨਕੋਦਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਵਿੱਚ ਪਏ ਤੇਜ਼ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਮੰਡੀਆਂ ਵਿੱਚ ਪਏ ਝੋਨੇ ਨੂੰ ਖ਼ਰਾਬ ਕੀਤਾ ਹੈ, ਉੱਥੇ ਹੀ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਨਸ਼ਟ ਕਰਕੇ ਰੱਖ ਦਿੱਤਾ ਹੈ, ਜਿਸ ਨੂੰ ਲੈ ਕੇ ਹੁਣ ਕਿਸਾਨਾਂ ਵੱਲੋਂ ਸਰਕਾਰ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਸਰਕਾਰ ਬਣਦਾ ਮੁਆਵਜ਼ਾ ਦੇਵੇ।

ਇਹ ਵੀ ਪੜ੍ਹੋ: ਨੂਰਮਹਿਲ: ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤਨੀ ਤੋਂ ਦੁਖ਼ੀ ਪਤੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri