ਦੋਆਬਾ ਕਿਸਾਨ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

06/05/2018 11:10:43 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਿਸਾਨਾਂ ਦੀ ਰਾਸ਼ਟਰ ਵਿਆਪੀ ਹੜਤਾਲ ਦੌਰਾਨ ਮੰਗਲਵਾਰ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਅਨੇਕਾਂ ਕਿਸਾਨਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਟਾਂਡਾ 'ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਜਾਜਾ ਬਾਈਪਾਸ ਤੋਂ ਸਰਕਾਰੀ ਹਸਪਤਾਲ ਚੌਂਕ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਸਰਕਾਰੀ ਹਸਪਤਾਲ 'ਚ ਕੁਝ ਸਮੇਂ ਤੱਕ ਰੋਡ ਜਾਮ ਕਰਕੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਨ ਵਾਲੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੇਸ਼ 'ਚ ਕਿਸਾਨ ਜਥੇਬੰਦੀਆਂ ਵੱਲੋਂ ਤੇਲ ਦੇ ਵਧੇ ਭਾਅ, ਸਬਜ਼ੀਆਂ ਅਤੇ ਦੁੱਧ ਦੀ ਹੋ ਰਹੀ ਬੇਕਦਰੀ ਦੇ ਵਿਰੁੱਧ  ਰੋਸ ਜ਼ਾਹਰ ਕਰਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ 10 ਰੋਜ਼ਾ ਅੰਦੋਲਨ ਭਾਵੇਂ ਪੰਜਾਬ 'ਚ ਰੋਕਿਆ ਗਿਆ ਹੈ ਪਰ ਦੇਸ਼ 'ਚ ਚੱਲਦਾ ਰਹੇਗਾ। 


ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰਨ ਵਾਲੀਆਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਅਤੇ ਕਿਸਾਨੀ ਮੰਗਾਂ ਦੀ ਪੈਰਵਾਈ ਲਈ ਅੰਦੋਲਨ ਦੀ ਨਵੀਂ ਰੂਪਰੇਖਾ ਤਿਆਰ ਕੀਤੀ ਜਾਵੇਗੀ। ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਨੇ ਪਿਛਲੇ ਵਰ੍ਹੇ ਮੱਧ ਪ੍ਰਦੇਸ਼ 'ਚ ਕਿਸਾਨ ਅੰਦੋਲਨ ਦੌਰਾਨ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰੋਸ ਪ੍ਰਦਰਸ਼ਨ 'ਚ ਜੰਗਵੀਰ  ਸਿੰਘ ਚੋਹਾਨ, ਪ੍ਰੀਤ ਮੋਹਨ ਸਿੰਘ ਹੈਪੀ, ਜਰਨੈਲ ਸਿੰਘ ਕੁਰਾਲਾ, ਅਮਰਜੀਤ ਸਿੰਘ ਕੁਰਾਲਾ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਸੰਧੂ, ਪ੍ਰਿਤਪਾਲ ਸਿੰਘ ਸੈਨਪੁਰ, ਅਵਤਾਰ ਸਿੰਘ ਕੋਟਲੀ ਆਦਿ ਮੌਜੂਦ ਸਨ।