ਗੁੱਸੇ ਨਾਲ ਭਰੇ ਕਿਸਾਨਾਂ ਨੇ ਪਾੜ ਸੁੱਟਿਆ ਮੰਗ ਪੱਤਰ, ਦਿੱਤੀ ਚਿਤਾਵਨੀ

05/27/2019 4:37:30 PM

ਲੁਧਿਆਣਾ (ਨਰਿੰਦਰ) : 'ਕਿਰਤੀ ਕਿਸਾਨ ਯੂਨੀਅਨ' ਵਲੋਂ ਸੋਮਵਾਰ ਨੂੰ ਪੰਜਾਬ ਪੱਧਰ ਸੱਦੇ 'ਤੇ ਸ਼ਹਿਰ ਦੇ ਡੀ. ਸੀ. ਦਫਤਰ ਅੱਗੇ ਕਿਸਾਨ ਮੰਗਾਂ ਨੂੰ ਲੈ ਕੇ ਇਕੱਠ ਕੀਤਾ ਅਤੇ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਪਰ ਦਫਤਰ 'ਚ ਅਫਸਰਾਂ ਦੀ ਗੈਰ ਹਾਜ਼ਰੀ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਮੰਗ ਪੱਤਰ ਪਾੜ ਕੇ ਸੁੱਟ ਦਿੱਤਾ ਅਤੇ ਡੀ. ਸੀ., ਲੁਧਿਆਣਾ ਖਿਲਾਫ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸਕੱਤਰ ਸਾਧੂ ਸਿੰਘ ਅੱਚਰਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ।

ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਵੱਲ ਕਿਸੇ ਵੀ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਵਲੋਂ ਸੂਬਾ ਪੱਧਰ 'ਤੇ ਸਾਰੇ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ। ਅੱਚਰਵਾਲ ਨੇ ਕਿਹਾ ਕਿ ਉਹ ਬਹੁਤ ਸ਼ਰਮ ਦੀ ਗੱਲ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਉਹ ਅੱਜ ਦਫਤਰ 'ਚ ਮੌਜੂਦ ਨਹੀਂ ਹਨ, ਜਿਸ ਕਾਰਨ ਹੁਣ ਉਹ ਮੁੜ ਤੋਂ ਪੰਜਾਬ ਪੱਧਰ 'ਤੇ 31 ਮਈ ਨੂੰ ਧਰਨੇ ਲਾਉਣਗੇ। 
 

Babita

This news is Content Editor Babita