ਟਰੈਕਟਰ-ਟਰਾਲੀਆਂ ''ਤੇ ਸਵਾਰ ਹੋ ਕੇ ਕਿਸਾਨਾਂ ਨੇ ਪਿੰਡ ਭਾਗਸਰ ਤੋਂ ਦਿੱਲੀ ਲਈ ਘੱਤੀਆਂ ਵਹੀਰਾਂ

11/26/2020 3:07:35 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ 'ਚ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਅਧੀਨ ਅੱਜ ਇਸ ਖ਼ੇਤਰ ਦੇ ਵੱਡੇ ਪਿੰਡ ਭਾਗਸਰ ਤੋਂ 5 ਟਰੈਕਟਰ-ਟਰਾਲੀਆਂ 'ਤੇ ਸਵਾਰ ਹੋ ਕੇ ਕਿਸਾਨਾਂ ਦੇ ਇਕ ਵੱਡੇ ਕਾਫ਼ਲੇ ਨੇ ਦਿੱਲੀ ਜਾਣ ਲਈ ਵਹੀਰਾਂ ਘੱਤੀਆਂ। ਪਿੰਡ ਦੀ ਬਾਮੂ ਕੀ ਪੱਤੀ ਧਰਮਸ਼ਾਲਾ 'ਚ ਕਿਸਾਨਾਂ ਨੇ ਪਹਿਲਾਂ ਇਕ ਇੱਕਠ ਕੀਤਾ। ਜਿਸ ਦੌਰਾਨ ਪਿੰਡ ਭਾਗਸਰ ਤੋਂ ਇਲਾਵਾ ਲੱਖੇਵਾਲੀ, ਚੱਕ ਮਦਰੱਸਾ, ਵੰਗਲ ਅਤੇ ਰੰਧਾਵਾ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਫਿਰ ਇਨ੍ਹਾਂ ਪੰਜ ਪਿੰਡਾਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ 'ਚ ਆਪਣੇ ਖਾਣ ਲਈ ਰਾਸ਼ਨ-ਪਾਣੀ ਰੱਖ ਕੇ ਦਿੱਲੀ ਨੂੰ ਜਾਣ ਲਈ ਚਾਲੇ ਪਾ ਦਿੱਤੇ।

ਇਹ ਵੀ ਪੜ੍ਹੋ :ਲੱਖਾਂ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ-ਟਰਾਲੀਆਂ 'ਤੇ ਗੱਡੀਆਂ ਸਣੇ ਦਿੱਲੀ ਵੱਲ ਕੀਤਾ ਕੂਚ

ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਦੀਆਂ ਘੁਰਕੀਆਂ ਤੋਂ ਨਹੀਂ ਡਰਨਗੇ। ਇਸ ਵੇਲੇ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੇ ਹਨ ਅਤੇ ਆਪਣੇ ਖ਼ਿਲਾਫ਼ ਉਹ ਕੁਝ ਵੀ ਨਹੀਂ ਹੋਣ ਦੇਣਗੇ। ਇਸ ਲਈ ਭਾਵੇਂ ਉਨ੍ਹਾਂ ਨੂੰ ਕੁਰਬਾਨੀਆਂ ਦੇਣੀਆਂ ਪੈ ਜਾਣ। ਇਸ ਸਮੇਂ ਕਿਸਾਨ ਆਗੂ ਗੁਰਾਂਦਿੱਤਾ ਸਿੰਘ ਭਾਗਸਰ, ਇਕਾਈ ਪ੍ਰਧਾਨ ਹਰਫ਼ੂਲ ਸਿੰਘ, ਕਾਮਰੇਡ ਜਗਦੇਵ ਸਿੰਘ, ਨਰ ਸਿੰਘ ਅਕਾਲੀ, ਕੁਲਵੀਰ ਸਿੰਘ, ਖੇਤਾ ਸਿੰਘ, ਜੱਗਾ ਸਿੰਘ ਧਾਲੀਵਾਲ, ਅਜਾਇਬ ਸਿੰਘ, ਸਿਮਰਜੀਤ ਸਿੰਘ ਲੱਖੇਵਾਲੀ, ਹਰਚਰਨ ਸਿੰਘ ਲੱਖੇਵਾਲੀ, ਸੋਹਣ ਸਿੰਘ ਕੌੜਿਆਂਵਾਲੀ, ਖੁਸ਼ਹਾਲ ਸਿੰਘ ਵੰਗਲ, ਜਗਸੀਰ ਸਿੰਘ ਵੰਗਲ, ਹਰਨੇਕ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਰੋਕਣ ਲਈ ਲਈ ਪੰਜਾਬ-ਹਰਿਆਣਾ ਬਾਰਡਰ ਕੀਤਾ ਸੀਲ, ਪੁਲਸ ਤਾਇਨਾਤ

Anuradha

This news is Content Editor Anuradha