ਸਿਰਫ ਵਿਆਜ, ਟਰੈਕਟਰਾਂ ਤੇ ਟਿਊਬਵੈੱਲਾਂ ''ਤੇ ਖ਼ਰਚ ਹੋ ਜਾਂਦੀ ਹੈ ਕਿਸਾਨਾਂ ਦੀ ਕਮਾਈ

02/19/2018 7:14:28 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ 'ਚ ਦਿਨੋ-ਦਿਨ ਘਾਟੇ ਦਾ ਸੌਦਾ ਬਣਦੇ ਜਾ ਰਹੇ ਖੇਤੀਬਾੜੀ ਦੇ ਧੰਦੇ ਸੰਬੰਧੀ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੇ ਜਿਥੇ ਕਿਸਾਨਾਂ ਦੀ ਪਤਲੀ ਹਾਲਤ ਨੂੰ ਉਜਾਗਰ ਕੀਤਾ ਹੈ, ਉਥੇ ਹੀ ਕਈ ਅਜਿਹੇ ਹੈਰਾਨੀਜਨਕ ਖ਼ੁਲਾਸੇ ਵੀ ਕੀਤੇ ਹਨ, ਜਿਨ੍ਹਾਂ ਦੀ ਬਦੌਲਤ ਖੇਤੀਬਾੜੀ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਧ ਰਹੀ ਹੈ। ਸਿੱਧੂ ਵੱਲੋਂ ਪਿਛਲੇ 10 ਸਾਲਾਂ ਦੌਰਾਨ ਕਿਸਾਨਾਂ ਦੀ ਕੁੱਲ ਆਮਦਨ ਤੇ ਖ਼ਰਚੇ ਦੇ ਕੀਤੇ ਗਏ ਲੇਖੇ-ਜੋਖੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਮੇਂ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਜਿੰਨੇ ਪੈਸੇ ਕਮਾਏ, ਉਸ ਤੋਂ ਵੱਧ ਖ਼ਰਚ ਸਿਰਫ਼ ਟਿਊਬਵੈੱਲ ਲਵਾਉਣ ਤੇ ਟਰੈਕਟਰ ਖ਼ਰੀਦਣ ਤੋਂ ਇਲਾਵਾ ਵਿਆਜ ਮੋੜਨ 'ਤੇ ਹੀ ਖ਼ਰਚ ਕਰ ਦਿੱਤੇ, ਜਦਕਿ ਹੋਰ ਘਰੇਲੂ ਲੋੜ ਲਈ ਕਿਸਾਨ ਜਾਂ ਤਾਂ ਕਰਜ਼ਾ ਲੈ ਰਿਹਾ ਹੈ ਜਾਂ ਜ਼ਮੀਨਾਂ ਵੇਚਣ ਦੇ ਰਾਹ ਪੈ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਨੂੰ 10 ਸਾਲਾਂ 'ਚ ਬਚਿਆ 1 ਲੱਖ ਕਰੋੜ
ਡਾ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹਰ ਸਾਲ 70 ਹਜ਼ਾਰ ਕਰੋੜ ਰੁਪਏ ਦੀਆਂ ਫ਼ਸਲਾਂ ਦੀ ਪੈਦਾਵਾਰ ਕਰਦੇ ਹਨ। ਇਹ ਰਾਸ਼ੀ ਕਿਸਾਨਾਂ ਦੀ ਆਮਦਨ ਨਹੀਂ, ਸਿਰਫ਼ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਫ਼ਸਲ ਦੀ ਕੀਮਤ ਹੈ, ਜਦਕਿ ਫ਼ਸਲ ਪੈਦਾ ਕਰਨ 'ਤੇ ਕੀਤੇ ਗਏ ਖ਼ਰਚਿਆਂ ਦਾ ਹਿਸਾਬ ਲਾਇਆ ਜਾਵੇ ਤਾਂ ਕਿਸਾਨ ਨੂੰ ਬੜੀ ਮੁਸ਼ਕਿਲ ਨਾਲ ਇਸ ਕੀਮਤ 'ਚੋਂ 16 ਤੋਂ 18 ਫ਼ੀਸਦੀ ਕਮਾਈ ਹੁੰਦੀ ਹੈ। ਇਸ ਤਰ੍ਹਾਂ 70 ਹਜ਼ਾਰ ਕਰੋੜ 'ਚੋਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੜੀ ਮੁਸ਼ਕਿਲ ਨਾਲ 11 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ ਤੇ ਜੇਕਰ 10 ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਕੁੱਲ 1 ਲੱਖ ਕਰੋੜ ਰੁਪਏ ਬਚੇ ਹਨ। ਪੰਜਾਬ ਦੇ ਕਿਸਾਨਾਂ ਨੇ 10 ਸਾਲਾਂ 'ਚ ਜਿਹੜੇ 1 ਲੱਖ ਕਰੋੜ ਰੁਪਏ ਕਮਾਏ, ਉਹ ਸਿਰਫ਼ ਟਰੈਕਟਰਾਂ, ਟਿਊਬਵੈੱਲਾਂ ਤੇ ਵਿਆਜ 'ਤੇ ਹੀ ਖ਼ਰਚ ਹੋ ਗਏ। 10 ਸਾਲਾਂ 'ਚ ਕਿਸਾਨਾਂ ਨੇ 17 ਹਜ਼ਾਰ ਕਰੋੜ ਰੁਪਏ ਟਰੈਕਟਰਾਂ ਤੇ ਮਸ਼ੀਨਰੀ 'ਤੇ ਖ਼ਰਚ ਕੀਤੇ, ਜਦਕਿ 13 ਹਜ਼ਾਰ ਕਰੋੜ ਰੁਪਏ ਟਿਊਬਵੈੱਲ ਲਾਉਣ ਤੇ 56 ਹਜ਼ਾਰ ਕਰੋੜ ਰੁਪਏ ਵਿਆਜ ਵਜੋਂ ਮੋੜੇ। ਇਸ ਤਰ੍ਹਾਂ ਕਿਸਾਨਾਂ ਦੀ ਕੁੱਲ ਆਮਦਨ ਇਨ੍ਹਾਂ ਤਿੰਨ ਕੰਮਾਂ 'ਤੇ ਹੀ ਖਰਚ ਹੋ ਜਾਣ ਕਾਰਨ ਕਿਸਾਨਾਂ ਦੀ ਦੁਰਦਸ਼ਾ ਤੇ ਖੁਦਕੁਸ਼ੀਆਂ ਦੇ ਕਾਰਨਾਂ ਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ।
10 ਸਾਲਾਂ 'ਚ ਟਰੈਕਟਰਾਂ 'ਤੇ ਖ਼ਰਚੇ 17 ਕਰੋੜ ਰੁਪਏ
10 ਸਾਲਾਂ 'ਚ ਪੰਜਾਬ 'ਚ 2 ਲੱਖ 34 ਹਜ਼ਾਰ ਟਰੈਕਟਰ ਵਿਕੇ ਤੇ ਜੇਕਰ ਇਕ ਟਰੈਕਟਰ ਦੀ ਔਸਤ ਕੀਮਤ 6 ਲੱਖ ਰੁਪਏ ਮਿੱਥੀ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਨੇ 10 ਸਾਲਾਂ 'ਚ 14 ਕਰੋੜ ਰੁਪਏ ਸਿਰਫ਼ ਟਰੈਕਟਰਾਂ 'ਤੇ ਹੀ ਖ਼ਰਚ ਕਰ ਦਿੱਤੇ ਤੇ ਜੇਕਰ ਟਰੈਕਟਰਾਂ ਨਾਲ ਲੋੜੀਂਦੀ ਮਸ਼ੀਨਰੀ ਦੀ ਗੱਲ ਕਰੀਏ ਤਾਂ ਇਹ ਰਾਸ਼ੀ 17 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਜਾਂਦੀ ਹੈ।
ਟਿਊਬਵੈੱਲਾਂ 'ਤੇ ਵਹਾਏ 13 ਹਜ਼ਾਰ ਕਰੋੜ ਰੁਪਏ
2007-08 'ਚ ਪੰਜਾਬ 'ਚ 9 ਲੱਖ 34 ਹਜ਼ਾਰ ਟਿਊਬਵੈੱਲ ਸਨ ਤੇ ਹੁਣ ਇਨ੍ਹਾਂ ਦੀ ਗਿਣਤੀ 14 ਲੱਖ ਤੱਕ ਪਹੁੰਚ ਚੁੱਕੀ ਹੈ। 10 ਸਾਲਾਂ 'ਚ ਪੰਜਾਬ 'ਚ ਪੌਣੇ ਪੰਜ ਲੱਖ ਟਿਊਬਵੈੱਲ ਨਵੇਂ ਲੱਗੇ ਤੇ ਹਰੇਕ ਟਿਊਬਵੈੱਲ 'ਤੇ ਜੇਕਰ 3.50 ਲੱਖ ਰੁਪਏ ਦੇ ਔਸਤ ਖ਼ਰਚੇ ਦਾ ਅਨੁਮਾਨ ਲਾਇਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਨੇ 10 ਸਾਲਾਂ 'ਚ 13 ਹਜ਼ਾਰ ਕਰੋੜ ਰੁਪਏ ਟਿਊਬਵੈੱਲਾਂ 'ਤੇ ਖ਼ਰਚ ਕਰ ਦਿੱਤੇ।
'ਵਿਆਜ' ਨੇ ਖਾ ਲਏ ਕਿਸਾਨਾਂ ਦੇ 56 ਹਜ਼ਾਰ ਕਰੋੜ ਰੁਪਏ
ਕਿਸਾਨਾਂ ਸਿਰ ਸਿਰਫ਼ ਬੈਂਕਾਂ ਦਾ 79 ਹਜ਼ਾਰ 900 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਜੇਕਰ 7 ਫ਼ੀਸਦੀ ਵਿਆਜ ਦੇ ਹਿਸਾਬ ਨਾਲ ਅਨੁਮਾਨ ਲਾਇਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਨੇ 10 ਸਾਲਾਂ 'ਚ 56 ਹਜ਼ਾਰ ਕਰੋੜ ਦਾ ਵਿਆਜ ਹੀ ਦੇ ਦਿੱਤਾ।