ਕੈਪਟਨ ਸਰਕਾਰ ਨੇ ਤੋੜਿਆ ਰਿਕਾਰਡ, ਕਿਸਾਨਾਂ ਨਾਲ ਕੀਤੇ ਬੋਲ ਪੁਗਾਏ

05/13/2017 7:01:13 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਸੂਬੇ ਦੀ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਵਧਾ ਕੇ 20, 683 ਕਰੋੜ ਰੁਪਏ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ 14053.61 ਕਰੋੜ ਰੁਪਏ ਦੀ ਵੱਡੀ ਰਾਸ਼ੀ ਕਿਸਾਨਾਂ ਨੂੰ ਅਦਾ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਕਾਇਆ ਪਈਆਂ ਸਾਰੀਆਂ ਅਦਾਇਗੀਆਂ ਨੂੰ ਫੌਰੀ ਤੌਰ ''ਤੇ ਸਮੇਂ ਸਿਰ ਨਿਪਟਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਤੁਰੰਤ ਤੇ ਨਿਰਵਿਘਨ ਖਰੀਦ ਲਈ ਪ੍ਰਗਟਾਈ ਵਚਨਬੱਧਤਾ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਜ਼ਿਆਦਾ 14053.61 ਕਰੋੜ ਦੀ ਅਦਾਇਗੀ ਕੀਤੀ ਹੈ ਜਦਕਿ ਸਾਲ 2016 ''ਚ ਇਹ ਅਦਾਇਗੀ ਅਪ੍ਰੈਲ ਮਹੀਨੇ ''ਚ 5938.21 ਕਰੋੜ ਅਤੇ ਅਪ੍ਰੈਲ 2015 ਦੌਰਾਨ 947.19 ਕਰੋੜ ਸੀ।
ਸਰਕਾਰੀ ਬੁਲਾਰੇ ਅਨੁਸਾਰ ਰਿਜ਼ਰਵ ਬੈਂਕ ਨੇ ਪਹਿਲਾਂ ਮਨਜ਼ੂਰ ਕੀਤੀ 17994.21 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪਿਛਲੀ 30 ਅਪਰੈਲ 2017 ਤੋਂ ਹੀ ਅੱਗੇ ਵਧਾਉਂਦਿਆਂ 2688.79 ਕਰੋੜ ਰੁਪਏ ਦੀ ਵਧੀਕ ਰਾਸ਼ੀ ਨੂੰ ਮਈ ਮਹੀਨੇ ਦੀ ਖਰੀਦ ਵਾਸਤੇ ਪ੍ਰਵਾਨਗੀ ਦਿੱਤੀ ਹੈ। ਸਰਕਾਰੀ ਬੁਲਾਰੇ ਅਨੁਸਾਰ ਇਸ ਸਾਲ ਕਣਕ ਦੀ ਹੁਣ ਤੱਕ 118,08,318 ਮੀਟਰਕ ਟਨ ਖਰੀਦ ਹੋਈ ਹੈ ਜਿਸ ਵਿਚੋਂ ਸਰਕਾਰੀ ਏਜੰਸੀਆਂ ਨੇ 115,47,340 ਮੀਟਰਕ ਟਨ ਕਣਕ ਖਰੀਦੀ ਹੈ। ਇਸ ਵਿਚੋਂ 111,41,940 ਮੀਟਰਕ ਟਨ ਕਣਕ ਮੰਡੀਆਂ ਵਿਚੋਂ ਸਫਲਤਾਪੂਵਰਕ ਚੁੱਕੀ ਗਈ ਹੈ ਜਿਸ ਨਾਲ ਇਸ ਹਾੜ੍ਹੀ ਸੀਜ਼ਨ ਦੌਰਾਨ ਖਰੀਦ ਕਾਰਜ ਨਿਰਵਿਘਨ ਅਤੇ ਤੇਜ਼ੀ ਨਾਲ ਸਿਰੇ ਚੜ੍ਹੇ ਹਨ।

Gurminder Singh

This news is Content Editor Gurminder Singh