ਕਈ ਪਿੰਡਾਂ ਦੀ ਸੈਂਕੜੇ ਏਕੜ ਫਸਲ ਪਾਣੀ ''ਚ ਡੁੱਬੀ, ਕਿਸਾਨਾਂ ਦਾ ਭਾਰੀ ਨੁਕਸਾਨ

07/17/2018 4:27:06 PM

ਮਾਛੀਵਾੜਾ ਸਾਹਿਬ (ਟੱਕਰ) : ਦੋ ਦਿਨ ਪਈ ਲਗਾਤਾਰ ਬਾਰਿਸ਼ ਕਾਰਨ ਜਿੱਥੇ ਕਈ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ, ਉਥੇ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਦੇ ਇੱਕ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫਸਲ ਸਿੰਚਾਈ ਵਿਭਾਗ ਵਲੋਂ ਡਰੇਨਾਂ ਦੀ ਸਫ਼ਾਈ ਨਾ ਕੀਤੇ ਜਾਣ ਕਾਰਨ ਪਾਣੀ ਵਿਚ ਡੁੱਬ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ।
ਪੱਤਰਕਾਰਾਂ ਵਲੋਂ ਜਦੋਂ ਹਲਕਾ ਸਾਹਨੇਵਾਲ ਦੇ ਪਿੰਡਾਂ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਕਿਸਾਨਾਂ ਦੀ ਤਾਜ਼ਾ ਬੀਜੀ ਝੋਨੇ ਦੀ ਫਸਲ ਬਿਲੁਕਲ ਪਾਣੀ ਵਿਚ ਡੁੱਬ ਗਈ ਸੀ ਅਤੇ ਉਨ੍ਹਾਂ ਦੇ ਖੇਤਾਂ ਵਿਚ 2 ਤੋਂ 3 ਫੁੱਟ ਪਾਣੀ ਚੱਲ ਰਿਹਾ ਹੈ। ਕਾਲਸ ਕਲਾਂ ਨੇ ਪੱਤਰਕਾਰਾਂ ਨੂੰ ਬੜੇ ਹੀ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਮਜ਼ਦੂਰਾਂ ਤੋਂ 3 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਕੇ ਝੋਨੇ ਲਾਇਆ ਸੀ ਅਤੇ ਡੀਜ਼ਲ, ਦਵਾਈਆਂ ਦਾ ਹੋਰ ਖਰਚਾ ਪਾ ਕੇ ਕਰੀਬ 7 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਗਿਆ ਪਰ 2 ਦਿਨ ਪਏ ਮੀਂਹ ਨੇ ਉਨ੍ਹਾਂ ਦੇ ਪਿੰਡਾਂ 'ਚੋਂ ਲੰਘਦੀ ਡਰੇਨ ਓਵਰ ਫਲੋਅ ਹੋ ਗਈ ਅਤੇ ਸਾਰੇ ਖੇਤਾਂ 'ਚ ਪਾਣੀ ਹੀ ਪਾਣੀ ਹੋ ਗਿਆ ਜਿਸ ਕਾਰਨ ਉਨ੍ਹਾਂ ਦੀ ਫਸਲ ਡੁੱਬ ਕੇ ਤਬਾਹ ਹੋ ਗਈ। 
ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਡੁੱਬਣ ਕਾਰਨ ਜੋ ਆਰਥਿਕ ਨੁਕਸਾਨ ਹੋਇਆ ਹੈ, ਉਸ ਦਾ ਜ਼ਿੰਮੇਵਾਰ ਸਿੰਚਾਈ ਵਿਭਾਗ ਹੈ ਕਿਉਂਕਿ ਇਨ੍ਹਾਂ ਪਿੰਡਾਂ 'ਚੋਂ ਲੰਘਦੀ ਡਰੇਨਾਂ ਦੀ ਨਾ ਤਾਂ ਸਫ਼ਾਈ ਹੋਈ ਅਤੇ ਨਾ ਹੀ ਡਰੇਨਾਂ 'ਤੇ ਕੁੱਝ ਕਿਸਾਨਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ ਗਏ ਜਿਸ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਅਤੇ ਉਨ੍ਹਾਂ ਦੀ ਫਸਲ ਡੁੱਬ ਗਈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਕੁੱਝ ਥਾਵਾਂ 'ਤੇ ਸੜ੍ਹਕਾਂ ਉਚੀਆਂ ਹੋਣ ਕਾਰਨ ਤੇ ਸਿਆਸੀ ਦਬਾਅ ਦੇ ਮੱਦੇਨਜ਼ਰ ਪਾਣੀ ਨੂੰ ਕਰਾਸ ਕਰਨ ਲਈ ਪਾਈਪਾਂ ਨਹੀਂ ਪਾਈਆਂ ਗਈਆਂ ਜਿਸ ਕਾਰਨ ਵੀ ਕੁੱਝ ਖੇਤ ਪਾਣੀ ਵਿਚ ਡੁੱਬ ਗਏ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਲਕਾ ਸਾਹਨੇਵਾਲ ਦੇ ਬੇਟ ਖੇਤਰ ਵਿਚ ਤੁਰੰਤ ਡਰੇਨਾਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਜੋ ਉਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਸਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।