ਝੋਨਾ ਛੱਡ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ ਵਿੱਤੀ ਮਦਦ

07/30/2018 11:06:27 AM

ਮੋਹਾਲੀ (ਨਿਆਮੀਆਂ) : ਮੋਹਾਲੀ ਜ਼ਿਲੇ ਦੇ ਜਿਹੜੇ ਕਿਸਾਨ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰਨਗੇ, ਉਨ੍ਹਾਂ ਨੂੰ 23,500 ਰੁਪਏ ਪ੍ਰਤੀ ਹੈਕਟੇਅਰ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਾਉਣੀ ਦੀ ਫਸਲ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਨਬਾਰਡ ਵਲੋਂ ਜ਼ਿਲਾ ਮੋਹਾਲੀ 'ਚ ਮੱਕੀ ਦੀਆਂ ਕਲੱਸਟਰ ਪ੍ਰਦਰਸ਼ਨੀਆਂ ਵੀ ਲਾਈਆਂ ਜਾ ਰਹੀਆਂ ਹਨ।
ਸਪਰਾ ਨੇ ਦੱਸਿਆ ਕਿ ਕਿਸਾਨਾਂ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਮੱਕੀ ਦਾ ਬੀਜਖਰੀਦਣ, ਉਸ 'ਚ ਨਦੀਨਨਾਸ਼ਕ, ਕੀਟਨਾਸ਼ਕ, ਖਾਦ ਤੇ ਕਟਾਈ ਲਈ ਦਿੱਤੀ ਜਾਵੇਗੀ, ਜਦੋਂ ਕਿ 13,500 ਰੁਪਏ ਪ੍ਰਤੀ ਹੈਕਟੇਅਰ ਕੰਪਨਸੇਸ਼ਨ/ਮਾਰਕੀਟਿੰਗ ਸਹਾਇਤਾ ਵਜੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਕੀਤੀਆਂ ਮੱਕੀ ਦੀਆਂ ਕਿਸਮਾਂ ਦੀ ਹੀ ਬੀਜਾਈ ਕਰਨ। 
ਖੇਤੀਬਾੜੀ ਵਿਕਾਸ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮੋਹਾਲੀ ਕੋਲ ਪਹਿਲਾਂ ਹੀ ਕਿਸਾਨਾਂ ਦੀਆਂ 100 ਅਰਜ਼ੀਆਂ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਅਰਜ਼ੀ ਦੇਣੀ ਚਾਹੁੰਦਾ ਹੈ ਤਾਂ ਉਹ ਸਬੰਧਿਤ ਬਲਾਕ ਖੇਤੀਬਾੜੀ ਅਫਸਰ ਨਾਲ ਤੁਰੰਤ ਸੰਪਰਕ ਕਰੇ ਤੇ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਕਿਸਾਨ ਭਲਾਈ ਵਿਭਾਗ 'ਚ ਨਬਾਰਡ ਵਲੋਂ ਚਲਾਈ ਜਾ ਰਹੀ ਐੱਨ. ਏ. ਐੱਫ. ਸੀ. ਸਕੀਮ ਅਧੀਨ ਵਿਭਾਗ ਨੂੰ ਮੱਕੀ ਹੇਠ ਰਕਬਾ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।