ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ, ਇਕ ਹੋਰ ਕਿਸਾਨ ਨੇ ਕਰਜ਼ੇ ਅੱਗੇ ਤੋੜਿਆ ਦਮ

06/24/2017 7:02:42 PM

ਸਰਦੂਲਗੜ੍ਹ (ਚੋਪੜਾ) : ਆਰਥਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਕਿਸਾਨ ਨਿਰਮਲ ਸਿੰਘ (23) ਪੁੱਤਰ ਨਾਜਰ ਸਿੰਘ ਵਾਸੀ ਪਿੰਡ ਬੀਰੇਵਾਲਾ ਜੱਟਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਮਾਮਾ ਸ਼ਿੰਗਾਰਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਨਿਰਮਲ ਸਿੰਘ ਖੇਤੀਬਾੜੀ ਕਰਦਾ ਸੀ। ਨਿਰਮਲ ਸਿੰਘ ਦੇ ਪਿਤਾ ਨਾਜਰ ਸਿੰਘ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਅਤੇ ਉਹ ਦੋ ਭੈਣਾਂ ਦਾ ਇੱਕਲਾ ਭਰਾ ਸੀ।
ਪਿਛਲੇ ਕੁਝ ਸਾਲਾਂ ਤੋਂ ਘੱਟ ਫਸਲ ਹੋਣ ਕਰਕੇ ਉਸ ਦੇ ਸਿਰ 'ਤੇ ਕਾਫੀ ਕਰਜ਼ਾ ਚੜ੍ਹ ਗਿਆ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਪ੍ਰੇਸ਼ਾਨੀ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਇਸ ਸਬੰਧੀ ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਜੌੜਕੀਆਂ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਆਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।