ਕਿਸਾਨੀ ਬਚਾਉਣ ਲਈ ਸਵਾਮੀਨਾਥਨ ਰਿਪੋਰਟ ਤੁਰੰਤ ਲਾਗੂ ਕਰੇ ਕੇਂਦਰ : ਬਾਂਸਲ

06/19/2018 5:02:10 PM

ਭੀਖੀ (ਸੰਦੀਪ) : ਦੇਸ਼ ਦੇ ਵਿਕਾਸ ਵਿਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ ਪਰ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਿਸਾਨੀ ਨੂੰ ਬਚਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਵਾਮੀਨਾਥਨ ਰਿਪੋਰਟ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਕਿਸਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੀ ਹਲਕਾ ਇੰਚਾਰਜ ਡਾ. ਮੰਜੂ ਬਾਂਸਲ ਨੇ ਨੇੜਲੇ ਪਿੰਡ ਸਮਾਊ ਵਿਖੇ ਮਹਿੰਗਾਈ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਨੇ ਗਰੀਬ ਲੋਕਾਂ ਦਾ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਅਨੇਕਾਂ ਹੋਰ ਸਕੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਚਰਨਜੀਤ ਸਿੰਘ ਮਾਖਾ, ਦੀਦਾਰ ਸਿੰਘ ਖਾਰਾ, ਧੰਨਾ ਸਿੰਘ ਸਮਾਉਂ, ਡਾ. ਪ੍ਰਗਟ ਸਿੰਘ ਖੀਵਾ, ਅਮਰੀਕ ਸਿੰਘ ਭੁਪਾਲ, ਜਸਪਾਲ ਸਿੰਘ ਅਤਲਾ ਕਲਾਂ, ਪਰਮਿੰਦਰ ਸਿੰਘ ਗੁੜਥੜੀ ਅਤੇ ਕਰਨੈਲ ਸਿੰਘ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।