5 ਮਾਰਚ ਨੂੰ ਬਲਾਕ ਗੰਡੀਵਿੰਡ ਦੇ ਸਾਹਮਣੇ ਲਗਾਇਆ ਜਾਵੇਗਾ ਧਰਨਾ : ਝਬਾਲ

02/21/2018 7:10:00 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਬਲਾਕ ਵਿਕਾਸ 'ਤੇ ਪੰਚਾਇਤ ਦਫ਼ਤਰ ਗੰਡੀਵਿੰਡ ਮੂਹਰੇ 5 ਮਾਰਚ ਨੂੰ ਧਰਨਾ ਲਾਉਣ ਦਾ ਐਲਾਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਬੀ.ਡੀ.ਪੀ.ਓ. ਗੰਡੀਵਿੰਡ ਵੱਲੋਂ ਇੰਨਸਾਫ਼ ਦੇਣ ਦੀ ਥਾਂ ਜਥੇਬੰਦੀ ਦੇ ਕਾਰਕੁੰਨਾਂ ਨਾਲ ਘਟੀਆ ਵਤੀਰਾ ਕੀਤਾ ਗਿਆ ਹੈ। ਪਿੰਡ ਚੀਮਾ ਸਥਿਤ ਗੁਰਦੁਆਰਾ ਵਿਖੇ ਬੁੱਧਵਾਰ ਨੂੰ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀਆਂ ਏਰੀਆ ਕਮੇਟੀਆਂ ਦੀ ਬਲਵਿੰਦਰ ਸਿੰਘ ਚੀਮਾ ਅਤੇ ਮੰਗਲ ਸਿੰਘ ਸਾਂਘਣਾ ਦੀ ਅਗਵਾਈ 'ਚ ਹੋਈ ਵਿਸ਼ਾਲ ਮੀਟਿੰਗ ਦੌਰਾਂਨ ਕਾਮਰੇਡ ਜਸਪਾਲ ਸਿੰਘ ਝਬਾਲ ਅਤੇ ਜਸਬੀਰ ਸਿੰਘ ਗੰਡੀਵਿੰਡ ਨੇ ਪਿੰਡ ਗੰਡੀਵਿੰਡ ਸਥਿਤ ਇਕ ਵਿਅਕਤੀ ਵੱਲੋਂ ਸਰਕਾਰੀ ਜਗ੍ਹਾ 'ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ ਜਿਸ ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਬੀ.ਡੀ.ਪੀ.ਓ. ਗੰਡੀਵਿੰਡ ਨੂੰ ਅਦੇਸ਼ ਜਾਰੀ ਕੀਤੇ ਗਏ ਹਨ, ਜਿਸ ਮਾਮਲੇ ਨੂੰ ਲੈ ਕੇ ਜਦੋਂ ਉਨ੍ਹਾਂ ਦੀ ਜਥੇਬੰਦੀ ਦੇ ਕਾਰਕੁੰਨ ਬੀ.ਡੀ.ਪੀ.ਓ. ਗੰਡੀਵਿੰਡ ਹਰਜੀਤ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਵੱਲੋਂ ਕਥਿਤ ਕਬਜ਼ਾਕਾਰੀ ਦਾ ਪੱਖ ਪੂਰਦਿਆਂ ਜਥੇਬੰਦੀ ਦੇ ਕਾਰਕੁੰਨਾਂ ਨਾਲ ਘਟੀਆ ਵਤੀਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬੀ.ਡੀ.ਪੀ.ਓ. ਗੰਡੀਵਿੰਡ ਦੇ ਘਟੀਆ ਵਤੀਰੇ ਵਿਰੋਧ ਦਫਤਰ ਬੀ.ਡੀ.ਪੀ.ਓ. ਦੇ ਸਾਹਮਣੇ 5 ਮਾਰਚ ਨੂੰ ਧਰਨਾ ਲਾਇਆ ਜਾਵੇਗਾ।  
ਕੀ ਕਹਿਣੈ ਬੀ.ਡੀ.ਪੀ.ਓ. ਗੰਡੀਵਿੰਡ ਹਰਜੀਤ ਸਿੰਘ ਦਾ
ਬੀ.ਡੀ.ਪੀ.ਓ. ਗੰਡੀਵਿੰਡ ਹਰਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੀ ਆੜ ਹੇਠ ਕੁਝ ਲੋਕ ਪਿੰਡ ਪੱਧਰ 'ਤੇ ਆਪਣੀ ਰੰਜਿਸ਼ ਕੱਢ ਰਹੇ ਹਨ ਅਤੇ ਉਨ੍ਹਾਂ 'ਤੇ ਫੋਕਾ ਦਬਾਅ ਬਣਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨ ਵਾਲੇ ਮਾਮਲੇ ਦੀ ਜਿਥੇ ਉਹ ਨਿਰਪੱਖ ਤੌਰ 'ਤੇ ਪੜਤਾਲ ਕਰ ਰਹੇ ਹਨ ਉਥੇ ਹੀ ਉਨ੍ਹਾਂ ਵੱਲੋਂ ਗ੍ਰਾਮ ਪੰਚਾਇਤ ਗੰਡੀਵਿੰਡ ਤੋਂ ਰਿਪੋਰਟ ਮੰਗੀ ਹੈ ਜਦ ਕਿ ਉਨ੍ਹਾਂ ਵੱਲੋਂ ਕਬਜ਼ਾਕਾਰੀ ਧਿਰ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।