ਕੋਟਕਪੂਰਾ : ਅੱਗ ਲੱਗਣ ਕਾਰਨ 6 ਏਕੜ ਕਣਕ ਅਤੇ 7 ਸੌ ਏਕੜ ਨਾੜ ਸੜ ਕੇ ਸਵਾਹ

04/20/2018 6:18:30 PM

ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਸਿਵੀਆਂ ਦੇ ਖੇਤਾਂ 'ਚ ਲੱਗੀ ਅੱਗ ਕਾਰਨ ਖੜ੍ਹੀ ਕਣਕ ਤੋਂ ਇਲਾਵਾ ਭਾਰੀ ਮਾਤਰਾ 'ਚ ਨਾੜ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਵੀਆਂ ਤੋਂ ਢਿੱਲਵਾਂ ਵਾਲੇ ਰਾਹ ਨੇੜੇ ਖੇਤਾਂ ਵਿਚ ਖੜ੍ਹੀ ਕਣਕ ਅਤੇ ਨਾੜ ਨੂੰ ਸਵੇਰੇ ਦਸ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜੋ ਕਿ ਸਵੇਰ ਤੋਂ ਹੀ ਚੱਲ ਰਹੀ ਤੇਜ਼ ਹਵਾ ਕਾਰਨ ਤੇਜ਼ੀ ਨਾਲ ਪੰਜਗਰਾਈਂ ਅਤੇ ਮੱਲ ਕੇ ਵਾਲੇ ਪਾਸੇ ਨੂੰ ਫੈਲ ਗਈ।
ਸੂਚਨਾ ਮਿਲਣ 'ਤੇ ਐੱਸ.ਡੀ.ਐਮ. ਕੋਟਕਪੂਰਾ ਡਾ. ਮਨਦੀਪ ਕੌਰ ਅਤੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਵੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਏ ਜਾਣ ਵਾਲੇ ਕਾਰਜਾਂ ਦੀ ਨਿਗਰਾਨੀ ਕੀਤੀ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਕੋਟਕਪੂਰਾ ਦੀ ਪਹਿਲੀ ਗੱਡੀ ਸਵਾ ਦਸ ਵਜੇ ਦੇ ਕਰੀਬ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਪ੍ਰੰਤੂ ਤੇਜ਼ ਹਵਾ ਕਾਰਨ ਅੱਗ 'ਤੇ ਕਾਬੂ ਪਾਉਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਰਿਹਾ ਸੀ। ਅੱਗ ਤੇਜ਼ੀ ਨਾਲ ਵੱਧਦੀ ਵੇਖ ਕੇ ਕੋਟਕਪੂਰਾ ਤੋਂ ਦੂਜੀਆਂ ਗੱਡੀਆਂ ਨੂੰ ਬੁਲਾਉਣ ਤੋਂ ਇਲਾਵਾ ਫਰੀਦਕੋਟ ਦੀਆਂ ਦੋ ਗੱਡੀਆਂ ਵੀ ਮੰਗਵਾਈਆਂ ਗਈ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ 4-5 ਘੰਟਿਆਂ ਦੀ ਭਾਰੀ ਜਦੋ-ਜਹਿਦ ਤੋਂ ਬਾਅਦ ਲੋਕਾਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ।
ਮੌਕੇ 'ਤੇ ਹਾਜ਼ਰ ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਅੱਗ ਕਾਰਨ 6 ਏਕੜ ਕਣਕ ਤੋਂ ਇਲਾਵਾ 7 ਸੌ ਏਕੜ ਦੇ ਕਰੀਬ ਕਣਕ ਦਾ ਨਾੜ ਸੜ•ਕੇ ਸਵਾਹ ਹੋ ਗਿਆ। ਬਾਅਦ ਵਿਚ ਮਿਲੀ ਜਾਣਕਾਰੀ ਅਨੁਸਾਰ ਇਸ ਅੱਗ ਕਾਰਨ ਸੜੀ ਕਣਕ ਪਿੰਡ ਸਿਵੀਆਂ ਦੇ ਕਿਸਾਨ ਤ੍ਰਿਲੋਕ ਸਿੰਘ ਦੀ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਨਾਇਬ ਤਹਿਸੀਲਦਾਰ ਕੋਟਕਪੂਰਾ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਪਟਵਾਰੀ ਵੱਲੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕਣਕ ਤੇ ਨਾੜ ਨੂੰ ਪੁੱਜੇ ਨੁਕਸਾਨ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੋਏ ਨੁਕਸਾਨ ਸਬੰਧੀ ਅੰਦਾਜ਼ਾ ਲਗਾ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਰਿਪੋਰਟ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਾਈਨਲ ਰਿਪੋਰਟ ਤੋਂ ਬਾਅਦ ਪੂਰੀ ਜਾਣਕਾਰੀ ਲੈ ਕੇ ਭੇਜੀ ਜਾਵੇਗੀ। ਕਿਸਾਨ ਸੁਖਮੰਦਰ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ, ਨਿਰੰਜਨ ਸਿੰਘ ਅਤੇ ਬਿੱਕਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।