ਕਰਜ਼ੇ ਦੇ ਦੈਂਤ ਨੇ ਇਕ ਹੋਰ ਕਿਸਾਨ ਦੀ ਲਈ ਬਲੀ

07/09/2017 6:41:53 PM

ਝਬਾਲ (ਲਾਲੂਘੁੰਮਣ, ਨਰਿੰਦਰ) : ਕਰਜ਼ੇ ਦਾ ਦੈਂਤ ਆਏ ਦਿਨ ਲਗਾਤਾਰ ਕਿਸਾਨਾਂ ਨੂੰ ਨਿਗਲਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਇਕ ਕਿਸਾਨ ਕੁਲਵੰਤ ਸਿੰਘ (50) ਪੁੱਤਰ ਅੱਛਰ ਸਿੰਘ ਦੀ ਖੁਦਕੁਸ਼ੀ ਨੇ ਇਸ ਲੜੀ 'ਚ ਉਸ ਵੇਲੇ ਇਕ ਅੰਕ ਦਾ ਹੋਰ ਵਾਧਾ ਕਰ ਦਿੱਤਾ ਜਦੋਂ ਉਕਤ ਕਿਸਾਨ ਨੇ ਵੀ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਮੌਤ ਨੂੰ ਗਲੇ ਲਗਾ ਲਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਰਸਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚਾਰ ਏਕੜ ਜ਼ਮੀਨ ਹੈ ਜਿਸ ਉਪਰ ਸਾਢੇ 8 ਲੱਖ ਦੇ ਕਰੀਬ ਬੈਂਕ ਅਤੇ ਹੋਰ ਕਰਜ਼ਾ ਹੈ। ਉਸ ਨੇ ਦੱਸਿਆ ਕਿ ਕਰਜ਼ੇ ਦੇ ਲਗਾਤਾਰ ਵੱਧ ਰਹੇ ਬੋਝ ਕਾਰਨ ਉਸਦਾ ਪਿਤਾ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਇਸ ਦੇ ਚੱਲਦਿਆਂ ਹੀ ਐਤਵਾਰ ਦੁਪਹਿਰ ਉਸਦੇ ਪਿਤਾ ਕੁਲਵੰਤ ਸਿੰਘ ਨੇ ਖੇਤਾਂ 'ਚ ਮੋਟਰ 'ਤੇ ਜਾ ਕਿ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤਰੁੰਤ ਉਸਨੂੰ ਸਥਾਨਿਕ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸਦੇ ਪਿਤਾ ਕੁਲਵੰਤ ਸਿੰਘ ਨੂੰ ਮ੍ਰਿਤਕ ਐਲਾਣ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਆਪਣੇ ਪਿੱਛੇ ਤਿੰਨ ਲੜਕੇ, ਇਕ ਲੜਕੀ ਅਤੇ ਪਤਨੀ ਨੂੰ ਛੱਡ ਗਿਆ ਹੈ। ਥਾਣਾ ਮੁਖੀ ਸਰਾਏ ਅਮਾਨਤ ਖਾਂ ਗੁਰਨਾਮ ਸਿੰਘ ਅਨੁਸਾਰ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪੋਸਟਮਾਟਰਮ ਲਈ ਕਬਜ਼ੇ ਹੇਠ ਲੈ ਲਿਆ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।