ਕਿਸਾਨਾਂ ਤੇ ਮਜਦੂਰਾਂ ਨੇ ਬਲਾਕ ਗੰਡੀਵਿੰਡ ਦਾ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ

02/13/2018 10:53:55 AM

ਝਬਾਲ/ਬੀੜ ਸਾਹਿਬ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਗੰਡੀਵਿੰਡ ਸਥਿਤ ਸਰਕਾਰੀ ਜਗ੍ਹਾ 'ਤੇ ਇਕ ਵਿਅਕਤੀ ਵੱਲੋਂ ਕਥਿਤ ਤੌਰ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਛੁਡਵਾਉਣ ਅਤੇ ਮਨਰੇਗਾ ਕਾਮਿਆਂ ਨੂੰ ਕੰਮ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਕ ਵਫਦ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਮੰਗ ਪੱਤਰ ਸੌਂਪਣ ਲਈ ਦਫ਼ਤਰ ਵਿਖੇ ਪੁੱਜਾ ਪਰ ਬੀ. ਡੀ. ਪੀ. ਓ. ਸਾਹਿਬ ਦਫ਼ਤਰ 'ਚ ਹਾਜ਼ਰ ਨਾ ਮਿਲਣ ਕਰਕੇ ਵਫਦ ਵੱਲੋਂ ਬੀ. ਡੀ. ਪੀ. ਓ. ਵਿਰੋਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵਫਦ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੰਡੀਵਿੰਡ ਵਾਸੀ ਇਕ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਅਕਤੀ ਵੱਲੋਂ ਪਿੰਡ ਦੀ ਫਿਰਨੀ ਦੇ ਨਾਲ ਪੰਚਾਇਤੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਵੀ ਬੀਤੇ ਸਮੇਂ ਜਾਣੂ ਕਰਾਇਆ ਗਿਆ ਸੀ, ਜਿਸ ਦੇ ਚੱਲਦਿਆਂ ਹੀ ਡੀ. ਸੀ. ਵੱਲੋਂ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਮਾਮਲੇ ਸਬੰਧੀ ਪੜਤਾਲ ਕਰਨ ਦੇ ਅਦੇਸ਼ ਜਾਰੀ ਕੀਤੇ ਗਏ ਹਨ ਕਿ ਨਜਾਇਜ਼ ਕਬਜ਼ਾ ਛੁਡਵਾ ਕੇ ਕਥਿਤ ਕਬਜ਼ਾਕਾਰੀ ਵਿਰੋਧ ਪੁਲਸ ਕੇਸ ਦਰਜ ਕਰਾਇਆ ਜਾਵੇ ਪਰ ਬਲਾਕ ਅਫ਼ਸਰ ਵੱਲੋਂ ਕਥਿਤ ਸਿਆਸੀ ਸ਼ੈਹ 'ਤੇ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮਨਰੇਗਾ ਸਕੀਮ ਅਧੀਨ ਪਿੰਡ ਗੰਡੀਵਿੰਡ ਅਤੇ ਬੀੜ ਰਾਜਾ ਤੇਜਾ ਸਿੰਘ ਦੇ ਲੋੜਵੰਦ ਜੋਬ ਕਾਰਡ ਧਾਰਕਾਂ ਨੂੰ ਕੰਮ ਨਾ ਦੇ ਕੇ ਕਥਿਤ ਸਿਆਸੀ ਵਿਅਕਤੀਆਂ ਵੱਲੋਂ ਚਹੇਤਿਆਂ ਨੂੰ ਬਿਨ੍ਹਾਂ ਕੰਮ ਕਰਨ ਤੋਂ ਪੈਸੇ ਦੇ ਕੇ ਖੁਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਸਹੀ ਹੱਕਦਾਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਗੰਡੀਵਿੰਡ ਨੇ ਕਿਹਾ ਕਿ ਜੇਕਰ ਬੀ. ਡੀ. ਪੀ. ਓ. ਗੰਡੀਵਿੰਡ ਵੱਲੋਂ ਉਪਰੋਕਤ ਮਸਲਿਆਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਬਲਾਕ ਗੰਡੀਵਿੰਡ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਜਥੇਬੰਦੀ ਵੱਲੋਂ ਧਰਨਾ ਲਾਇਆ ਜਾਵੇਗਾ। ਇਸ ਮੌਕੇ ਜਗਬੀਰ ਸਿੰਘ ਬੱਬੂ ਗੰਡੀਵਿੰਡ, ਵਿਰਸਾ ਸਿੰਘ, ਬੀਬੀ ਕਸ਼ਮੀਰ ਕੌਰ, ਸਿਮਰਜੀਤ ਕੌਰ, ਲਖਵਿੰਦਰ ਸਿੰਘ, ਜਰਨੈਲ ਸਿੰਘ ਰਸੂਲਪੁਰ, ਪ੍ਰਗਟ ਸਿੰਘ ਗੰਡੀਵਿੰਡ, ਸਾਹਬ ਸਿੰਘ, ਪ੍ਰਗਟ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ ਫੋਰਮੈਨ ਅਤੇ ਭੋਲਾ ਸਿੰਘ ਲਹੀਆਂ ਆਦਿ ਹਾਜ਼ਰ ਸਨ। ਇੱਧਰ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜ਼ੂਦ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।