ਕਿਸਾਨਾਂ-ਮਜ਼ਦੂਰਾਂ ਨੇ ਉਡਾਏ ਪਾਵਰਕਾਮ ਦੇ ਫਿਊਜ਼

08/14/2017 12:58:53 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,   (ਬਾਵਾ, ਜਗਸੀਰ)-  ਅੱਜ ਪਿੰਡ ਰਾਮਾਂ ਵਿਖੇ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਆਈ ਪਾਵਰਕਾਮ ਸਬ-ਡਵੀਜ਼ਨ ਬਿਲਾਸਪੁਰ ਦੀ ਟੀਮ ਦਾ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ 'ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਜ਼ਬਰਦਸਤ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਬਿਲਾਸਪੁਰ ਦੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਇਕ ਟੀਮ ਐੱਸ. ਡੀ. ਓ. ਮਹਿੰਦਰ ਸਿੰਘ ਭੋਲਾ ਦੀ ਅਗਵਾਈ 'ਚ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਲਈ ਪਿੰਡ ਰਾਮਾਂ ਪਹੁੰਚੀ ਸੀ। 
ਇਸ ਟੀਮ ਵੱਲੋਂ 5 ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟ ਲਏ ਗਏ, ਜਿਸ ਦੀ ਭਿਣਕ ਜਨਤਕ ਜਥੇਬੰਦੀਆਂ ਨੂੰ ਮਿਲਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਇਕਾਈ ਪ੍ਰਧਾਨ ਹਰਨੇਕ ਸਿੰਘ, ਰਣਜੀਤ ਸਿੰਘ, ਤਰਸੇਮ ਰਾਮਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਭਰਪੂਰ ਸਿੰਘ ਰਾਮਾਂ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ ਅਤੇ ਨਿਰਮਲ ਸਿੰਘ ਹਿੰਮਤਪੁਰਾ ਦੀ ਅਗਵਾਈ 'ਚ ਕਿਸਾਨ-ਮਜ਼ਦੂਰ ਵੱਡੀ ਗਿਣਤੀ 'ਚ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਉਨ੍ਹਾਂ ਪਾਵਰਕਾਮ ਦੀ ਟੀਮ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਵੀ ਪਹੁੰਚ ਗਏ, ਜਿਨ੍ਹਾਂ ਮਜ਼ਦੂਰਾਂ-ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਨਿੰਦਾ ਕੀਤੀ ਅਤੇ ਉਹ ਸੰਘਰਸ਼ ਦੌਰਾਨ ਲੋਕਾਂ ਦੇ ਨਾਲ ਧਰਨੇ 'ਤੇ ਬੈਠੇ ਰਹੇ।  ਇਸ ਸਮੇਂ ਪ੍ਰਧਾਨ ਗੁਰਚਰਨ ਸਿੰਘ ਰਾਮਾਂ, ਭਰਭੂਰ ਸਿੰਘ ਰਾਮਾਂ, ਕਰਮ ਰਾਮਾਂ ਨੇ ਕਿਹਾ ਕਿ ਸਰਕਾਰ ਸਰਮਾਏਦਾਰ ਤਬਕਿਆਂ ਨੂੰ ਹੋਰ ਸਬਸਿਡੀਆਂ ਦੇ ਰਹੀ ਹੈ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਚੋਰ ਵਜੋਂ ਪੇਸ਼ ਕਰਦਿਆਂ ਉਨ੍ਹਾਂ ਦੇ ਘਰਾਂ ਵਿਚ ਲੱਗੇ ਬਿਜਲੀ ਮੀਟਰ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਮਾਏਦਾਰਾਂ ਵੱਲੋਂ ਵੱਡੀਆਂ ਇੰਡਸਟਰੀਆਂ 'ਚ ਵੱਡੀ ਪੱਧਰ 'ਤੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮਜ਼ਦੂਰਾਂ ਨੂੰ 400 ਯੂਨਿਟ ਬਿਜਲੀ ਮੁਆਫੀ ਦੇ ਬਾਵਜੂਦ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਦੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ 'ਚ ਉਨ੍ਹਾਂ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਦੇ ਬਿਜਲੀ ਮੀਟਰ ਨਹੀਂ ਪੁੱਟੇ ਜਾਣਗੇ। ਸਰਕਾਰ ਦੀ ਇਸ ਲੋਕ ਮਾਰੂ ਨੀਤੀ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। 
ਇਸ ਦੌਰਾਨ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਐਕਸੀਅਨ ਅਤੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਕਿੱਕਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਲੋਕਾਂ ਦੀ ਮੰਗ 'ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਪੁੱਟੇ ਹੋਏ ਬਿਜਲੀ ਮੀਟਰ ਵਾਪਸ ਕਰਨ 'ਤੇ ਹੀ ਕਿਸਾਨਾਂ-ਮਜ਼ਦੂਰਾਂ ਅਤੇ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ ਕਰਨਾ ਖਤਮ ਕੀਤਾ। ਇਸ ਤੋਂ ਬਾਅਦ ਲੋਕਾਂ ਵੱਲੋਂ ਪਿੰਡ 'ਚ ਜੇਤੂ ਮੁਜ਼ਾਹਰਾ ਵੀ ਕੀਤਾ ਗਿਆ।