ਕਿਸਾਨਾਂ ਦਾ ਮੋਹਾਲੀ ਮੋਰਚਾ ਖ਼ਤਮ, ਮੰਤਰੀ ਬੋਲੇ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਜ਼ਾ ਮੁਕਤ ਕਰੇਗੀ

05/18/2022 10:29:52 PM

ਚੰਡੀਗੜ੍ਹ : ਮੋਹਾਲੀ ਬਾਰਡਰ ’ਤੇ ਅੰਦੋਲਨ ’ਚ ਡਟੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸਹਿਮਤੀ ਬਣ ਗਈ ਹੈ। ਇਸ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕਣ ਦਾ ਵੀ ਐਲਾਨ ਕਰ ਦਿੱਤਾ ਹੈ। ਲਗਭਗ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ ਸਥਿਤ ਕਿਸਾਨਾਂ ਦੇ ਧਰਨੇ ਵਿਚ ਪਹੁੰਚੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਗਣ ਸੰਬੰਧੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਮੰਨ ਲਿਆ ਹੈ ਅਤੇ ਇਸ ’ਤੇ ਕਿਸਾਨਾਂ ਨੇ ਵੀ ਸਹਿਮਤੀ ਜਤਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ ਅਤੇ ਉਹ ਵੀ ਕਿਸਾਨ ਪਰਿਵਾਰ ਨਾਲ ਸੰਬੰਧਤ ਹਨ। ਸਰਕਾਰ ਆਮ ਲੋਕਾਂ ਦੀ ਹੈ ਅਤੇ ਹੁਣ ਕਿਸਾਨਾਂ ਨੂੰ ਧਰਨੇ ਲਗਾਉਣ ਦੀ ਲੋੜ ਨਹੀਂ ਪਵੇਗੀ, ਕਿਸਾਨ ਜਿਹੜੀ ਮੰਗ ਲੈ ਕੇ ਆਉਣਗੇ ਮਾਨ ਸਰਕਾਰ ਉਨ੍ਹਾਂ ਦੀ ਹਰ ਮੰਗ ਪੂਰੀ ਕਰੇਗੀ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਸਗੋਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਵਧੀ ਤਲਖ਼ੀ, ਆਹਮੋ-ਸਾਹਮਣੇ ਹੋਏ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ

ਕਿਹੜੀਆਂ ਮੰਗਾਂ ’ਤੇ ਬਣੀ ਸਹਿਮਤੀ

ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਸਰਕਾਰ ਨੇ ਮੰਨ ਲਿਆ ਹੈ। ਇਸ ਲਈ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਹੈ। ਜ਼ੋਨ ਕਿਸਾਨ ਖੁਦ ਬਨਾਉਣਗੇ ਅਤੇ ਇਕ ਦੋ ਦਿਨ ਵਿਚ ਇਸ ਬਾਬਤ ਜਾਣਕਾਰੀ ਸਰਕਾਰ ਨੂੰ ਦੇਣਗੇ। ਇਨ੍ਹਾਂ ਜ਼ੋਨਾਂ ਵਿਚ ਬਿਜਾਈ 14 ਅਤੇ 17 ਤੋਂ ਸ਼ੁਰੂ ਹੋਵੇਗੀ। ਸੇਮ ਅਤੇ ਬਾਰਡਰ ਵਾਲੇ ਕਿਸਾਨ 10 ਜੂਨ ਤੋਂ ਬਾਅਦ ਝੋਨਾ ਲਗਾ ਸਕਣਗੇ। ਬਿਜਲੀ ਤਿੰਨ ਦਿਨ ਪਹਿਲਾਂ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਮੂੰਗੀ ’ਤੇ ਐੱਮ. ਐੱਸ. ਪੀ. ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਕਣਕ ’ਤੇ ਬੋਨਸ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਬਾਸਮਤੀ ਅਤੇ ਮੱਕੀ ਦੀ ਐੱਮ. ਐੱਸ. ਪੀ. ਵੀ ਹਰ ਹਾਲ ਵਿਚ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਧਾਰਮਿਕ ਸਮਾਗਮ ਦੌਰਾਨ ਨੌਜਵਾਨ ਨੂੰ ਮਾਰੀ ਗੋਲ਼ੀ

ਇਸ ਤੋਂ ਇਲਾਵਾ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੂੰ ਕਿਸਾਨਾਂ ਨੇ ਆਬਾਦ ਕੀਤਾ ਹੈ, ਉਨ੍ਹਾਂ ’ਤੇ ਕਬਜ਼ੇ ਨੂੰ ਲੈ ਕੇ 23 ਮਈ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਜ਼ਮੀਨ ਕੁਰਕੀ ਨਹੀਂ ਜਾਵੇਗਾ। ਬਾਸਮਤੀ ਦਾ ਇਕ ਇਕ ਥਾਣਾ ਮੰਡੀਆਂ ਵਿਚ ਪੰਜਾਬ ਸਰਕਾਰ ਚੁੱਕੇਗੀ ਅਤੇ ਵਧੀਆ ਰੇਟਾਂ ’ਤੇ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਚਿੱਪ ਵਾਲੇ ਮੀਟਰ ਨਾ ਲਗਾਉਣ ਦੀ ਮੰਗ ਵੀ ਸਰਕਾਰ ਨੇ ਪ੍ਰਵਾਨ ਕਰ ਲਈ ਹੈ।

ਇਹ ਵੀ ਪੜ੍ਹੋ : ਸੁਜਾਨਪੁਰ ’ਚ ਤਾਰ-ਤਾਰ ਹੋਇਆ ਪਵਿੱਤਰ ਰਿਸ਼ਤਾ, ਕਲਯੁਗੀ ਪੁੱਤ ਨੇ ਮਾਂ ਨਾਲ ਟੱਪੀਆਂ ਹੱਦਾਂ

 

Gurminder Singh

This news is Content Editor Gurminder Singh