ਮਾਛੀਵਾੜਾ ਦੇ ਦੁਖੀ ਕਿਸਾਨ ਨੇ ਕੈਪਟਨ ਨੂੰ ਦਿੱਤੀ ਵੱਡੀ ਚਿਤਾਵਨੀ

09/20/2019 3:08:15 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 'ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ' ਪਰ ਅੱਜ ਇਹ ਵਾਅਦਾ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਜਿਸ ਤਹਿਤ ਮਾਛੀਵਾੜਾ ਬੇਟ ਖੇਤਰ ਦੇ ਪਿੰਡ ਧੁੱਲੇਵਾਲ ਦੁਰਜੋਧਨ ਸਿੰਘ ਨੇ ਮੁੱਖ ਮੰਤਰੀ ਅਤੇ ਬੈਂਕ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੀ ਜ਼ਮੀਨ ਦੀ ਕੁਰਕੀ ਹੋਈ ਤਾਂ ਉਹ ਖੁਦਕੁਸ਼ੀ ਕਰਨ ਨੂੰ ਮਜ਼ਬੂਰ ਹੋ ਜਾਵੇਗਾ।
ਕਿਸਾਨ ਦੁਰਜੋਧਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2015 ਵਿਚ ਉਸਨੇ ਮਾਛੀਵਾੜਾ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਂਗੇ, ਜਿਸ ਕਾਰਨ ਅਸੀਂ ਵੋਟਾਂ ਪਾ ਕੇ ਕੈਪਟਨ ਨੂੰ ਮੁੱਖ ਮੰਤਰੀ ਬਣਾਇਆ। ਉਸ ਨੇ ਦੱਸਿਆ ਕਿ ਹੁਣ ਤੱਕ ਉਸ ਦਾ 7 ਲੱਖ ਰੁਪਏ ਦਾ ਕਰਜ਼ਾ ਬੈਂਕ ਵਲੋਂ ਵਿਆਜ ਲਾ ਕੇ 10 ਲੱਖ ਰੁਪਏ ਤੋਂ ਵੱਧ ਦਾ ਬਣਾ ਦਿੱਤਾ ਗਿਆ ਹੈ, ਜੋ ਕਿ ਉਹ ਅਦਾ ਕਰਨ ਤੋਂ ਅਸਮਰੱਥ ਹੋ ਗਿਆ ਹੈ। ਕਿਸਾਨ ਦੁਰਜੋਧਨ ਸਿੰਘ ਨੇ ਦੱਸਿਆ ਕਿ ਉਸ ਕੋਲ 2 ਏਕੜ ਜ਼ਮੀਨ ਹੈ ਤੇ ਉਸ ਦੇ ਪਤਨੀ ਤੋਂ ਇਲਾਵਾ 5 ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਹੈ। ਪਰਿਵਾਰ ਦੇ 8 ਜੀਆਂ ਦਾ ਪਾਲਣ-ਪੋਸ਼ਣ ਇਸ 2 ਏਕੜ ਦੀ ਜ਼ਮੀਨ ਦੀ ਆਮਦਨ ਨਾਲ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ ਅਤੇ ਉਹ ਕਰਜ਼ਾ ਕਿਵੇਂ ਉਤਾਰੇਗਾ।
ਕਿਸਾਨ ਨੇ ਦੱਸਿਆ ਕਿ ਬੈਂਕ ਵਲੋਂ ਉਸ ਖਿਲਾਫ਼ ਲੁਧਿਆਣਾ ਅਦਾਲਤ ਵਿਚ ਕੇਸ ਪਾ ਦਿੱਤਾ ਗਿਆ ਪਰ ਉਹ ਇੰਨਾ ਵੀ ਸਮਰੱਥ ਨਹੀਂ ਕਿ ਉਥੇ ਵਕੀਲ ਦਾ ਖਰਚਾ ਕਰਕੇ ਆਪਣੇ ਕੇਸ ਦੀ ਪੈਰਵਾਈ ਕਰ ਸਕੇ, ਜਿਸ ਕਾਰਨ ਉਹ ਉਥੇ ਪੇਸ਼ ਨਾ ਹੋ ਸਕਿਆ। ਹੁਣ ਬੈਂਕ ਵਲੋਂ 16 ਸਤੰਬਰ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਕਿ ਜੇਕਰ ਉਸਨੇ ਕਰਜ਼ੇ ਦੀ 10 ਲੱਖ ਰੁਪਏ ਰਕਮ ਅਦਾ ਨਾ ਕੀਤੀ ਤਾਂ ਉਸ ਦੀ ਜ਼ਮੀਨ ਦੀ ਕੁਰਕੀ ਕਰ ਬੈਂਕ ਆਪਣੀ ਕਰਜ਼ੇ ਦੀ ਰਕਮ ਵਸੂਲੇਗਾ। ਕਿਸਾਨ ਦੁਰਜੋਧਨ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਉਸ ਨੂੰ ਕੁਰਕੀ ਦਾ ਨੋਟਿਸ ਆਇਆ ਹੈ, ਉਹ ਤੇ ਉਸਦੇ ਪਰਿਵਾਰਕ ਮੈਂਬਰ ਬੜੇ ਹੀ ਚਿੰਤਾ ਵਿਚ ਡੁੱਬੇ ਹਨ ਕਿ ਜੇਕਰ ਜ਼ਮੀਨ ਦੀ ਕੁਰਕੀ ਹੋ ਗਈ ਤਾਂ ਉਸ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।
ਮੈਂ ਮਰਿਆ ਤਾਂ ਜ਼ਿੰਮੇਵਾਰ ਕੈਪਟਨ ਤੇ ਬੈਂਕ ਵਾਲੇ ਹੋਣਗੇ
ਕਿਸਾਨ ਦੁਰਜੋਧਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਜ਼ਾ ਮੁਆਫ਼ ਕਰਨ ਦਾ ਜੋ ਵਾਅਦਾ ਕੀਤਾ ਉਹ ਪੂਰਾ ਨਾ ਹੋਣ ਅਤੇ ਬੈਂਕ ਵਾਲਿਆਂ ਵਲੋਂ ਵਾਰ-ਵਾਰ ਨੋਟਿਸ ਤੇ ਕੇਸ ਕਰਨ ਕਾਰਨ ਉਹ ਤੇ ਉਸਦਾ ਪਰਿਵਾਰ ਬੇਹੱਦ ਪਰੇਸ਼ਾਨ ਹੈ ਅਤੇ ਜੇਕਰ ਕੈਪਟਨ ਨੇ ਆਪਣਾ ਵਾਅਦਾ ਨਾ ਪੂਰਾ ਕੀਤਾ ਤਾਂ ਉਹ ਖੁਦਕੁਸ਼ੀ ਕਰ ਲਵੇਗਾ, ਜਿਸ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਅਤੇ ਬੈਂਕ ਵਾਲੇ ਜ਼ਿੰਮੇਵਾਰ ਹੋਣਗੇ। ਕਿਸਾਨ ਨੇ ਇਹ ਵੀ ਦੱਸਿਆ ਕਿ ਉਸ ਨੇ ਪਿਛਲੇ ਸਾਲ 2018 ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਆਪਣੇ ਸਿਰ ਚੜ੍ਹੇ ਲੱਖਾਂ ਰੁਪਏ ਦੇ ਕਰਜ਼ੇ ਤੋਂ ਜਾਣਕਾਰੀ ਦਿੱਤੀ ਸੀ ਕਿ ਉਸਦਾ ਕਰਜ਼ਾ ਮੁਆਫ਼ ਕੀਤਾ ਜਾਵੇ ਪਰ ਮੁੱਖ ਮੰਤਰੀ ਦਫ਼ਤਰ 'ਚੋਂ ਸਿਰਫ਼ ਇੰਨਾ ਹੀ ਭਰੋਸਾ ਮਿਲਿਆ ਕਿ ਤੁਹਾਡੀ ਦਰਖਾਸਤ ਦੇ ਨਿਪਟਾਰੇ ਲਈ ਕਾਰਵਾਈ ਚੱਲ ਰਹੀ ਹੈ ਪਰ ਅਜੇ ਤੱਕ ਨਾ ਤਾਂ ਉਸਦੀ ਕੋਈ ਸੁਣਵਾਈ ਹੋਈ ਅਤੇ ਨਾ ਹੀ ਕਰਜ਼ਾ ਮੁਆਫ਼ ਬਾਰੇ ਕੋਈ ਕਾਰਵਾਈ ਹੋਈ। ਇਸ ਲਈ ਉਹ ਮੁੱਖ ਮੰਤਰੀ ਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਹੈ ਕਿ ਉਸਦੇ 5 ਛੋਟੇ-ਛੋਟੇ ਬੱਚੇ ਹਨ ਅਤੇ ਉਹ ਜਮੀਨ ਦੀ ਆਮਦਨ ਤੋਂ ਇਲਾਵਾ ਮਜ਼ਦੂਰੀ ਕਰ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਜਿਸ ਕਾਰਨ ਉਸਦੀ ਬੇਹੱਦ ਮਾੜੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਕਰਜ਼ਾ ਮੁਆਫ਼ ਕੀਤਾ ਜਾਵੇ।
 

Babita

This news is Content Editor Babita