10 ਦਿਨ ਬਾਅਦ ਧੀ ਨੂੰ ਕਰਨਾ ਸੀ ਹੱਥੀਂ ਵਿਦਾ, ਡੋਲੀ ਤੋਰਣ ਤੋਂ ਪਹਿਲਾਂ ਹੀ ਪਿਓ ਨੇ ਲਗਾ ਲਿਆ ਮੌਤ ਨੂੰ ਗਲੇ

11/08/2017 6:47:52 PM

ਫਿਰੋਜ਼ਪੁਰ/ਜ਼ੀਰਾ— ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਕਿਸੇ ਨਾ ਕਿਸੇ ਕਿਸਾਨ ਵੱਲੋਂ ਮੌਤ ਨੂੰ ਗਲੇ ਲਗਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਜ਼ੀਰਾ ਦੇ ਪਿੰਡ ਅਵਾਨ 'ਚ ਦੇਖਣ ਨੂੰ ਮਿਲਿਆ, ਜਿੱਥੇ ਧੀ ਨੂੰ ਹੱਥੀਂ ਵਿਦਾ ਕਰਨ ਤੋਂ ਪਹਿਲਾਂ ਹੀ ਕਰਜ਼ੇ ਹੇਠਾਂ ਦੱਬੇ ਕਿਸਾਨ ਨੇ ਮੌਤ ਨੂੰ ਗਲੇ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਪਿੰਡ ਅਵਾਨ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਪੁੱਤਰ ਗੁਰਦਿੱਤ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਮੌਤ ਨੂੰ ਗਲੇ ਲਗਾ ਲਿਆ। 
ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ 'ਤੇ ਕਰੀਬ 10 ਲੱਖ ਦਾ ਕਰਜ਼ਾ ਸੀ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰ 'ਚ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ 10 ਦਿਨਾਂ ਬਾਅਦ ਹੀ ਧੀ ਦਾ ਵਿਆਹ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਕਰਜ਼ੇ ਦੇ ਕਾਰਨ ਅਤੇ ਧੀ ਦੇ ਵਿਆਹ ਲਈ ਪੈਸੇ ਨਾ ਹੋ ਸਕਣ ਕਰਕੇ ਕਿਸਾਨ ਕਾਫੀ ਪਰੇਸ਼ਾਨ ਰਹਿੰਦਾ ਸੀ, ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਬੁੱਧਵਾਰ ਨੂੰ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨਲੀਲਾ ਖਤਮ ਕਰ ਲਈ।