ਕੈਪਟਨ ਦੀ ਕਰਜ਼ ਮੁਆਫੀ ਸੂਚੀ ''ਚ ਨਹੀਂ ਆਇਆ ਨਾਂ, ਕਿਸਾਨ ਨੇ ਕੀਤੀ ਖੁਦਕੁਸ਼ੀ

01/31/2019 5:57:37 PM

ਜ਼ੀਰਾ (ਦਵਿੰਦਰ ਅਕਾਲੀਆਂ ਵਾਲ, ਤੀਰਥ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਪਾਸੇ ਪੂਰੇ ਪੰਜਾਬ 'ਚ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਪ੍ਰਮਾਣ ਪੱਤਰ ਵੰਡੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਜ਼ੀਰਾ ਤਹਿਸੀਲ ਦੇ ਪਿੰਡ ਬੁੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਬਾਜ ਸਿੰਘ (33) ਪੁੱਤਰ ਅਮਰ ਸਿੰਘ ਵਾਸੀ ਪਿੰਡ ਬੁੱਲੇ, ਜਿਸ 'ਤੇ  ਕਰੀਬ 7 ਲੱਖ ਰੁਪਏ ਕਰਜ਼ਾ ਸੀ। ਬਾਜ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਉਸ ਦੀ 2 ਕਿੱਲੇ ਜ਼ਮੀਨ ਸੀ। 

ਦੱਸ ਦਈਏ ਕਿ ਕਰਜ਼ ਮੁਆਫੀ ਸਕੀਮ ਦੀ ਸੂਚੀ 'ਚ ਬਾਜ ਸਿੰਘ ਦਾ ਨਾਮ ਨਾ ਆਉਣ ਕਾਰਨ ਉਹ ਕਰਜ਼ੇ ਤੋਂ ਪਰੇਸ਼ਾਨ ਰਹਿੰਦਾ ਸੀ। ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਬਾਜ ਸਿੰਘ ਨੇ 29 ਜਨਵਰੀ ਨੂੰ ਦੇਰ ਸ਼ਾਮ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਬਾਜ ਸਿੰਘ ਨੂੰ ਤੁਰੰਤ ਜ਼ੀਰਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਦੇਰ ਸ਼ਾਮ ਮੌਤ ਹੋ ਗਈ। ਫਿਰ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ। ਮ੍ਰਿਤਕ ਬਾਜ ਸਿੰਘ ਆਪਣੇ ਪਿੱਛੇ ਤਿੰਨ ਬੱਚੇ (ਦੋ ਲੜਕੀਆਂ ਅਤੇ ਇਕ ਲੜਕਾ) ਛੱਡ ਗਿਆ।

Anuradha

This news is Content Editor Anuradha