ਪੰਜਾਬ ਦੇ ਲੋਕ ਗੀਤਾਂ ਵਿੱਚ ਇੱਕ ਵਾਰ ਫਿਰ ਕੇਂਦਰ ਬਿੰਦੂ ਬਣਿਆ 'ਕਿਸਾਨ'

12/10/2020 6:32:19 PM

ਸੰਜੀਵ ਪਾਂਡੇ

ਨਾਲ ਤੇਰੇ ਪੰਜਾਬ ਸਿਆਂ
ਬਸ ਨਾਂ ਦੀ ਆੜੀ ਦਿੱਲੀ ਦੀ
ਕਾਲੀਆਂ ਨੀਤੀਆਂ ਕਰਦੇ ਲਾਗੂ
ਓ ਨੀਅਤ ਮਾੜੀ ਦਿੱਲੀ ਦੀ
ਤੇਰੇ ਗਲ਼ ਤੱਕ ਪਹੁੰਚ ਗਈ
ਆਣ ਕੁਹਾੜੀ ਦਿੱਲੀ ਦੀ
ਤੇਰੀਆਂ ਖ਼ੁਦਕੁਸ਼ੀਆਂ ਤੇ ਕਾਹਤੋਂ
ਵੱਜਦੀ ਤਾੜੀ ਦਿੱਲੀ ਦੀ

ਓ ਵੇਲਾ ਆ ਗਿਆ ਜਾਗ ਕਿਸਾਨਾ
ਦੇ ਸਿਸਟਮ ਦੇ ਹਲਕ ਵਿੱਚ ਫਾਨਾ

ਖੇਤ ਤੇਰੇ ਇਹ ਖੋਹਣ ਨੂੰ ਫਿਰਦੇ
ਜੋ ਤੂੰ ਪੱਧਰੇ ਕੀਤੇ ਐਂਟਰ ਨਾਲ
ਖਿੱਚ ਲੈ ਜੱਟਾ ਖਿੱਚ ਤਿਆਰੀ
ਪੇਚਾ ਪੈ ਗਿਆ ਸੈਂਟਰ ਨਾਲ

ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਇਸ ਗੀਤ ਨੇ ਇਸ ਸਮੇਂ ਕਿਸਾਨੀ ਅੰਦੋਲਨ ਵਿੱਚ ਧੁੰਮਾਂ ਪਾਈਆਂ ਹੋਈਆਂ ਨੇ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਇਸ ਸਮੇਂ ਕੰਵਰ ਗਰੇਵਾਲ ਦੇ ਗੀਤਾਂ ਨੂੰ ਜ਼ੋਰਾਂ ਸ਼ੋਰਾਂ ਨਾਲ ਸੁਣ ਰਹੇ ਹਨ। ਗਰੇਵਾਲ ਦਾ ਇਹ ਗੀਤ ਪੰਜਾਬ ਦੇ ਘਰ ਘਰ ਵਿੱਚ ਸੁਣਿਆ ਜਾ ਰਿਹਾ ਹੈ। ਕੰਵਰ ਗਰੇਵਾਲ ਦੇ ਗੀਤਾਂ ਵਿੱਚ 'ਫੇਡਰਲਿਜ਼ਮ'(ਸੰਘੀ ਢਾਂਚਾ) ਦੀ ਤਰਫ ਇਸ਼ਾਰਾ ਕਰਕੇ ਕਿਹਾ ਗਿਆ ਹੈ ਕਿ ਕਿਸਾਨਾਂ ਦਾ ਦਿੱਲੀ ਨਾਲ ਟਾਕਰਾ ਹੋ ਗਿਆ ਹੈ। ਕੇਂਦਰ ਸਰਕਾਰ 'ਤੇ ਫੇਡਰਲਿਜ਼ਮ ਖ਼ਤਮ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਕੰਵਰ ਗਰੇਵਾਲ ਦੇ ਗੀਤਾਂ ਵਿੱਚ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਚਾਹੇ ਉਹ ਕਿਸਾਨਾਂ 'ਤੇ ਗੋਲੀ ਚਲਾਏ, ਰਾਈਫਲ ਦਾ ਇਸਤੇਮਾਲ ਕਰਨ ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਹੀ ਕਰਨਗੇ।ਫ਼ਸਲਾਂ ਨੂੰ ਲੈ ਕੇ ਸਰਕਾਰ ਦਾ ਕੋਈ ਵੀ ਫ਼ੈਸਲਾ ਕਿਸਾਨ ਨਹੀਂ ਮੰਨਣਗੇ।ਕੰਵਰ ਗਰੇਵਾਲ ਦੇ ਇਕ ਗੀਤ ਵਿੱਚ ਕੇਂਦਰ ਨੂੰ ਸਮਝਇਆ ਹੈ ਕਿ ਕਿਸਾਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਨੂੰ ਕਿਸਾਨ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।ਕਿਸਾਨ ਇੱਕਜੁੱਟ ਹੋਣਗੇ ਅਤੇ ਦਿੱਲੀ ਲਈ ਪਰੇਸ਼ਾਨੀ ਦਾ ਕਾਰਨ ਬਣਨਗੇ।ਕੰਵਰ ਗਰੇਵਾਲ ਆਪਣੇ ਗੀਤ 'ਐਲਾਨ' ਵਿੱਚ ਕਹਿੰਦੇ ਹਨ ਕਿ

ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ
ਤੇਰਾ ਫ਼ਾਇਦੇ ਨਾਲੋਂ ਵੱਧ ਨੁਕਸਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ

ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ

ਦਰਅਸਲ ਇਸ ਸਮੇਂ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਘੱਟੋ ਘੱਟ 100 ਤੋਂ ਵੱਧ ਗੀਤ ਆ ਚੁੱਕੇ ਹਨ। ਕੰਵਰ ਗਰੇਵਾਲ ਦੇ ਗੀਤ ਤਾਂ ਸੁਣੇ ਜਾ ਰਹੇ ਹਨ ਪਰ ਪੰਜਾਬ 'ਚ ਕਈ ਹੋਰ ਗਾਇਕਾਂ ਨੇ ਵੀ ਕਿਸਾਨਾਂ 'ਤੇ ਗੀਤ ਗਾਏ ਹਨ , ਉਨ੍ਹਾਂ ਨੂੰ  ਵੀ ਖ਼ੂਬ ਸੁਣਿਆ ਜਾ ਰਿਹਾ ਹੈ।ਇਹ ਗੀਤ ਯੂਟਿਊਬ 'ਤੇ ਜੰਮ ਕੇ ਧੁੰਮਾਂ ਪਾ ਰਹੇ ਹਨ।ਫੇਸਬੁੱਕ 'ਤੇ ਸ਼ੇਅਰ ਕੀਤੇ ਜਾ ਰਹੇ ਹਨ।ਪੰਜਾਬ ਦੇ ਗਾਇਕ ਬੁੱਬੂ ਮਾਨ, ਹਰਭਜਨ ਮਾਨ, ਰਣਜੀਤ ਬਾਵਾ ਸਮੇਤ ਕਈ ਗਾਇਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਗੀਤ ਗਾਏ ਹਨ। ਇਨ੍ਹਾਂ ਵਿੱਚ ਪੰਜਾਬ ਦੇ ਆਰਥਿਕ ਹਾਲਾਤ, ਕਿਸਾਨਾਂ ਦਾ ਹੱਕ, ਉਨ੍ਹਾਂ ਦੀ ਲੜ੍ਹਨ ਦੀ ਸਮਰਥਾ ਅਤੇ ਅਡਾਨੀ, ਅੰਬਾਨੀ ਦਾ ਜ਼ਿਕਰ ਹੈ।ਗੀਤਾਂ ਵਿੱਚ ਅੰਬਾਨੀ ਅਤੇ ਅਡਾਨੀ ਦੀ ਆਲੋਚਨਾ ਕੀਤੀ ਗਈ ਹੈ।ਦੋਵੇਂ ਕਾਰਪੋਰੇਟ ਘਰਾਣਿਆਂ 'ਤੇ ਆਰੋਪ ਲਗਾਇਆ ਜਾ ਰਿਹਾ ਹੈ ਕਿ ਉਹ ਪੰਜਾਬੀਆਂ ਦੀ ਖੇਤੀਯੋਗ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।ਨਰਿੰਦਰ ਮੋਦੀ ਸਰਕਾਰ ਅਡਾਨੀ ਅਤੇ ਅੰਬਾਨੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ।ਪੰਜਾਬ ਦੇ ਲੋਕਗੀਤ ਜੁਗਨੀ ਦੀ ਵਰਤੋਂ ਵੀ ਗਾਇਕਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਕੀਤੀ ਹੈ।


ਮੇਰੀ ਜੁਗਨੀ ਹੈ ਕਿਸਾਨੀ
ਜੁਗਾਂ 'ਤੋਂ ਨਾ ਕੋਈ ਇਸਦਾ ਸਾਨੀ
ਨਾ  ਅਡਾਨੀ ਨਾ ਅੰਬਾਨੀ
ਜੁਗਨੀ ਮੇਰੀ ਅਨੋਖੀ ਹੈ
'ਤੇ ਸਾਬਤ ਸਬਰ-ਏ-ਸੰਤੋਖੀ ਹੈ

ਇਹ ਵੀ ਪੜ੍ਹੋ:ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ

ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਆਪਣੇ ਗੀਤਾਂ ਵਿੱਚ ਦਿੱਲੀ 'ਤੇ ਕਿਸਾਨਾਂ ਦਾ ਹੱਕ ਖੋਹਣ ਦਾ ਆਰੋਪ ਲਗਾਉਂਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਦੇ ਕਿਸਾਨ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹੱਟਣਗੇ।ਉਹ ਦਿੱਲੀ ਵਿੱਚ ਬੈਠੈ ਹਾਕਮਾਂ ਨੂੰ ਅਪੀਲ ਕਰਦੇ ਹਨ ਕਿ ਉਹ ਮਹਿਲਾਂ ਵਿੱਚੋਂ ਨਿਕਲਣ ਅਤੇ ਕਿਸਾਨਾ ਦੇ ਹਿੱਤਾਂ ਵਿੱਚ ਫ਼ੈਸਲਾ ਲੈਣ।

ਕਾਫ਼ਿਲੇ ਤੂਫ਼ਾਨਾਂ ਵਾਂਗ ਚੜੀ ਆਉਂਦੇ ਨੇ
ਅੱਕੇ ਹੋਏ ਰੋਹ ਨਾਲ ਭਰੀ ਆਉਂਦੇ ਨੇ
ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ
ਮੁੜਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਪੰਜਾਬ ਨੂੰ ਸਮਝਣ 'ਚ ਨਾਕਾਮ ਰਹੀ ਮੋਦੀ ਸਰਕਾਰ,ਆਖ਼ਿਰ ਕਿੱਥੇ ਹੋਈ ਗ਼ਲਤੀ

ਕਿਸੇ ਵੀ ਅੰਦੋਲਨ ਵਿੱਚ ਲੋਕ ਗੀਤਾਂ ਦੀ ਅਹਿਮੀਅਤ ਬਹੁਤ ਹੁੰਦੀ ਹੈ।ਭਾਰਤ ਵਿੱਚ ਹਰ ਯੁੱਗ ਵਿੱਚ ਲੋਕਾਂ ਦੇ ਦੁੱਖ ਦਰਦ ਨੂੰ ਕਵੀਆਂ ਨੇ ਲੋਕ ਗੀਤਾਂ ਰਾਹੀਂ ਬਿਆਨਿਆ ਹੈ।ਮੱਧਕਾਲ ਵਿੱਚ ਗੂਰੂ ਨਾਨਕ, ਕਬੀਰ ਸਮੇਤ ਕਈਆਂ ਨੇ ਲੋਕਾਂ ਦੇ ਦੁੱਖ-ਦਰਦਾਂ ਨੂੰ ਆਪਣੀ ਰਚਨਾਵਾਂ ਵਿੱਚ ਬਿਆਨ ਕੀਤਾ ਹੈ।ਸੁਤੰਤਰਤਾ ਅੰਦੋਲਨ ਵਿੱਚ ਵੀ ਕਈ ਭਾਸ਼ਾਵਾਂ ਵਿੱਚ ਕਵਿਤਾ ਅਤੇ ਗੀਤਾਂ ਵਿੱਚ ਲੋਕਾਂ ਦੇ ਦੁੱਖ ਦਰਦਾਂ ਨੂੰ ਸਾਂਝਾ ਕੀਤਾ ਗਿਆ।ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਕਵਿਤਾ, ਗੀਤ ਅਤੇ ਲੋਕ ਸੰਗੀਤ ਦੀ ਬਹੁਤ ਅਹਿਮੀਅਤ ਰਹੀ ਹੈ।ਹਿੰਦੀ ਕਵੀਆਂ ਨੇ ਸੁਤੰਤਰਤਾ ਅੰਦੋਲਨ ਦੌਰਾਨ ਕਈ ਗੀਤ ਅਤੇ ਕਵਿਤਾਵਾਂ ਲਿਖੀਆਂ ਪਰ ਅੱਜ 21ਵੀਂ ਸਦੀ ਵਿੱਚ ਹਿੰਦੀ ਗੀਤ, ਸੰਗੀਤ ਅਤੇ ਕਵਿਤਾ ਸ਼ਰਧਾ ਭਗਤੀ ਵਿੱਚ ਲੀਨ ਹਨ।ਹਿੰਦੀ ਨਾਲ ਹੀ ਵਿਕਸਤ ਹੋ ਰਿਹਾ ਭੋਜਪੁਰੀ ਮਿਊਜ਼ਿਕ ਅਤੇ ਫ਼ਿਲਮ ਉਦਯੋਗ ਦੀ ਹਾਲਤ ਹੋਰ ਵੀ ਵੱਧ ਖ਼ਰਾਬ  ਹੈ।ਲੱਗਭਗ 26 ਕਰੋੜ ਲੋਕਾਂ ਦੇ ਵਿੱਚ ਆਪਣਾ ਕਾਰੋਬਾਰ ਕਰਨ ਵਾਲੀ ਭੋਜਪੁਰੀ ਸੰਗੀਤ ਅਤੇ ਫ਼ਿਲਮ ਇੰਡਸਟਰੀ 'ਤੇ ਅਸ਼ਲੀਲਤਾ ਹਾਵੀ ਹੈ।ਲੋਕਾਂ ਨੂੰ ਗੀਤ ਅਤੇ ਸੰਗੀਤ ਦੇ ਨਾਂ 'ਤੇ ਅਸ਼ਲੀਲਤਾ ਅਤੇ ਕੱਟੜਤਾ ਪਰੋਸੀ ਜਾ ਰਹੀ ਹੈ।ਹਾਲਾਂਕਿ ਭੋਜਪੁਰੀ ਮਿਊਜ਼ਿਕ ਇੰਡਸਟਰੀ ਦਾ ਸਾਲਾਨਾ ਟਰਨਓਵਰ 500 ਕਰੋੜ ਦਾ ਹੈ। ਲਗਭਗ 26 ਕਰੋੜ ਦਰਸ਼ਕ ਅਤੇ ਸਰੋਤਿਆਂ ਵਾਲੀ ਭੋਜਪੁਰੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਸਮਾਜ ਦੀਆਂ ਉਨ੍ਹਾਂ ਸਮੱਸਿਆਵਾਂ 'ਤੇ ਗੀਤ ਅਤੇ ਫ਼ਿਲਮਾਂ ਨਹੀਂ ਬਣਾਉਂਦੇ ਜਿਸ ਨਾਲ ਹਿੰਦੀ ਬਿਲਟ ਬੁਰੀ ਤਰ੍ਹਾਂ ਨਾਲ ਪੀੜਤ ਹੈ।ਗ਼ਰੀਬੀ, ਭੁੱਖਮਰੀ, ਬਦਹਾਲੀ, ਬੇਰੁਜ਼ਗਾਰੀ ਵੱਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।ਜਦੋਂ ਕਿ ਇਨ੍ਹਾਂ ਦੇ ਜ਼ਿਆਦਾ ਤਰ ਦਰਸ਼ਕ ਅਤੇ ਸਰੋਤੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਹਨ।ਭੋਜਪੁਰੀ ਗੀਤ ਸੰਗੀਤ ਦੀ ਹਾਲਤ ਤਾਂ ਇਹ ਹੈ ਕਿ ਇਹ ਚੋਲੀ ਅਤੇ ਲਹਿੰਗੇ ਤੋਂ ਬਾਹਰ ਹੀ ਨਹੀਂ ਆ ਰਿਹਾ ਹੈ।

ਕੋਰੋਨਾ ਕਾਲ ਵਿੱਚ ਕਈ ਭੋਜਪੁਰੀ ਗੀਤ ਆਏ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਨੂੰ ਭੋਜਪੁਰੀ ਮਿਊਜ਼ਿਕ ਇੰਡਸਟਰੀ ਨੇ ਚੋਲੀ ਅਤੇ ਲਹਿੰਗਾ ਵਿੱਚ ਹੀ ਗੁੰਮ ਕਰ ਦਿੱਤਾ ਹੈ।ਇਸ ਸੰਗੀਤ 'ਤੇ ਹੀ ਬਿਹਾਰ ਅਤੇ ਯੂਪੀ ਦਾ ਗ਼ਰੀਬ ਤਬਕਾ ਝੂੰਮਦਾ ਰਿਹਾ।ਭੋਜਪੁਰੀ ਗੀਤ ਸੰਗੀਤ ਵਿੱਚ ਫ਼ਿਰਕੂਵਾਦ ਵੀ ਵੜ ਗਿਆ ਹੈ। ਪਿਛਲੇ ਦਿਨੀਂ ਇੱਕ ਗੀਤ ਬਹੁਤ ਹੀ ਹਿੱਟ ਹੋਇਆ ਸੀ, 'ਜੋ ਨਾ ਬੋਲੇ ਜੈ ਸ਼੍ਰੀ ਰਾਮ ਉਸ ਨੂੰ ਭੇਜੋ ਕਬਰਿਸਤਾਨ'। ਇਸ ਹੀ ਤਰੀਕੇ ਨਾਲ ਇੱਕ ਭੋਜਪੁਰੀ ਗੀਤ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਅਭਿਨੇਤਰੀ ਰੀਆ ਚੱਕਰਵਰਤੀ ਨੂੰ ਵੇਸਵਾ ਕਿਹਾ ਗਿਆ ਸੀ। ਇੱਕ ਭੋਜਪੁਰੀ ਗੀਤ ਵਿੱਚ ਕਸ਼ਮੀਰੀ ਕੁੜੀਆਂ ਨਾਲ ਵਿਆਹ ਅਤੇ ਕਸ਼ਮੀਰ ਵਿੱਚ ਜ਼ਮੀਨ ਖ਼ਰੀਦਣ ਦੀ ਗੱਲ ਕੀਤੀ ਗਈ। ਹਾਲਾਂਕਿ ਭੋਜਪੁਰੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ  ਨੇ ਕਈ ਸਟਾਰ ਦਿੱਤੇ ਹਨ ਜਿਨ੍ਹਾਂ ਵਿੱਚ ਮਨੋਜ ਤਿਵਾਰੀ, ਨਿਰਹੂਆ, ਰਵੀ ਕਿਸ਼ਨ, ਖੇਸਾਰੀ ਲਾਲ ਯਾਦਵ ਸ਼ਾਮਲ ਹਨ।ਭੋਜਪੁਰੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਅਸ਼ਲੀਲਤਾ ਐਨੀ ਜ਼ਿਆਦਾ ਹੈ ਕਿ ਇਨ੍ਹਾਂ ਗੀਤਾਂ ਨੂੰ ਪਰਿਵਾਰ ਨਾਲ ਬੈਠ ਕੇ ਕੋਈ ਨਹੀਂ ਸੁਣ ਸਕਦਾ ਹੈ।ਭੋਜਪੁਰੀ ਫ਼ਿਲਮਾਂ ਨੂੰ ਪਰਿਵਾਰ  ਨਾਲ ਬੈਠ ਕੇ ਕੋਈ ਨਹੀਂ ਦੇਖ ਸਕਦਾ ਹੈ।

1907 ਵਿੱਚ ਸਾਂਝੇ ਪੰਜਾਬ ਵਿੱਚ ਵੱਡਾ ਕਿਸਾਨ ਅੰਦੋਲਨ ਹੋਇਆ ਸੀ।ਇਸ ਅੰਦੋਲਨ ਦਾ ਨਾਂ ਹੀ ਇਸ ਵਿੱਚ ਆਏ ਇੱਕ ਗੀਤ 'ਪੱਗੜੀ ਸੰਭਾਲ ਜੱਟਾ' ਦੇ ਕਾਰਨ 'ਪੱਗੜੀ ਸੰਭਾਲ ਜੱਟਾ ਅੰਦੋਲਨ' ਪੈ ਗਿਆ ਸੀ।ਉਸ ਸਮੇਂ ਦੀ ਅੰਗਰੇਜ਼ ਸਰਕਾਰ ਦੇ ਦੋਆਬ ਬਾਰੀ ਐਕਟ, ਪੰਜਾਬ ਲੈਂਡ ਕੋਲੋਨਾਈਜ਼ੇਸ਼ਨ,ਪੰਜਾਬ ਲੈਂਡ ਅਲਿਯਨੇਸ਼ਨ ਐਕਟ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਖੜੇ ਹੋ ਗਏ ਸਨ।ਅੰਗਰੇਜ਼ ਸਰਕਾਰ ਦੇ ਇਸ ਐਕਟ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਵੀ ਕੀਤੀ  ਗਈ ਸੀ।ਕਿਸਾਨਾਂ ਦਾ ਹੱਕ ਖੋਇਆ ਜਾ ਰਿਹਾ ਸੀ, ਉਨ੍ਹਾਂ ਨੂੰ ਜ਼ਮੀਨਾਂ ਦਾ ਮਾਲਕੀ ਦੇਣ ਲਈ ਸਰਕਾਰ ਮਨ੍ਹਾਂ ਕਰ ਰਹੀ ਸੀ।ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ 'ਪੱਗੜੀ ਸੰਭਾਲ ਜੱਟਾ'  ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। ਅੰਗਰੇਜ਼ ਸਰਕਾਰ ਦੇ ਖੇਤੀ ਸਬੰਧਿਤ ਕਾਲੇ ਕਾਨੂੰਨਾਂ ਦੇ ਖ਼ਿਲਾਫ਼ 3 ਮਾਰਚ 1907 ਨੂੰ ਲਾਇਲਪੁਰ ਵਿੱਚ ਇੱਕ ਰੈਲੀ ਕੀਤੀ ਗਈ ਸੀ। ਰੈਲੀ ਦੇ ਮੰਚ 'ਤੇ ਇੱਕ ਗੀਤ ਗਾਇਆ ਗਿਆ ਸੀ।ਇਸ ਗੀਤ ਨੂੰ ਝੰਗ ਸਿਆਲ ਦੇ ਸੰਪਾਦਕ ਬਾਂਕੇ ਦਿਆਲ ਨੇ ਲਿਖਿਆ ਸੀ।
ਪੱਗੜੀ ਸੰਭਾਲ ਜੱਟਾ
ਪੱਗੜੀ ਸੰਭਾਲ ਓਏ
ਹਿੰਦ ਸੀ ਮੰਦਿਰ ਸਾਡਾ, ਇਸ ਦੇ ਪੁਜਾਰੀ ਓ
ਝੱਲਾਂਗੇ ਹੋਰ ਅਜੇ, ਕੱਦ ਤੱਕ ਖੁਆਰੀ ਓ
ਮਰਨੇ ਦੀ ਕਰਲੈ ਹੁਣ ਤੂੰ, ਛੇਤੀ ਤਿਆਰੀ ਓ
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬਿਹਾਲ ਓ
ਪੱਗੜੀ ਸੰਭਾਲ ਓ ਜੱਟਾ?

ਨੋਟ: ਕਿਸਾਨ ਅੰਦੋਲਨ 'ਚ ਪੰਜਾਬੀ ਸੰਗੀਤ ਜਗਤ  ਦੇ ਯੋਗਦਾਨ ਨੂੰ ਤੁਸੀਂ ਕਿਵੇਂ ਵੇਖਦੇ ਓ,ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal