ਦਿੱਲੀ ''ਚ ਦਿਨੋਂ-ਦਿਨ ਜ਼ੋਰ ਫੜ੍ਹ ਰਿਹੈ ''ਕਿਸਾਨੀ ਘੋਲ'', ਬੀਬੀਆਂ ਤੇ ਬੱਚਿਆਂ ਨੇ ਵੀ ਸੰਭਾਲੀ ਕਮਾਨ

01/09/2021 9:11:16 AM

ਚੰਡੀਗੜ੍ਹ (ਅਰਚਨਾ) : ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦਿਨੋਂ-ਦਿਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਦਿੱਲੀ ਨਾਲ ਲੱਗਦੇ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਕਿਸਾਨ ਬੀਬੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। 2 ਹਜ਼ਾਰ ਕਿਸਾਨ ਆਗੂ ਬੀਬੀਆਂ ਵੱਲੋਂ ਬਾਰਡਰ ’ਤੇ ਸ਼ੁਰੂ ਕੀਤੇ ਗਏ ਅੰਦੋਲਨ 'ਚ 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਬੀਬੀਆਂ ਨੂੰ ਜੋੜਨ ਲਈ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ 'ਚ ਮੁਹਿੰਮ ਚਲਾਈ ਜਾ ਰਹੀ ਹੈ। ਘਰ-ਘਰ ਜਾ ਕੇ ਬੀਬੀਆਂ ਹੀ ਬੀਬੀਆਂ ਨੂੰ ਸੰਘਰਸ਼ ਲਈ ਇਕੱਠਾ ਕਰ ਰਹੀਆਂ ਹਨ। ਉਹ ਟਰੈਕਟਰਾਂ ਦੀ ਮੱਦਦ ਨਾਲ ਪਿੰਡਾਂ 'ਚ ਰੈਲੀਆਂ ਕੱਢ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਨ 'ਚ ਲੱਗੀਆਂ ਹੋਈਆਂ ਹਨ। ਦਿੱਲੀ ਬਾਰਡਰ ’ਤੇ ਬੈਠੀਆਂ ਕਿਸਾਨ ਬੀਬੀਆਂ ਦੀ ਜ਼ਿੰਮੇਵਾਰੀ ਸਿਰਫ ਰੋਟੀ-ਸਬਜ਼ੀ ਬਣਾਉਣਾ, ਕੱਪੜੇ ਧੋਣਾ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਹੀ ਨਹੀਂ, ਸਗੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਬੈਠਕਾਂ ਕਰਨਾ, ਭਾਸ਼ਣ ਦੇਣਾ ਅਤੇ ਨੌਜਵਾਨਾਂ ਨੂੰ ਕਈ ਜ਼ਿੰਮੇਵਾਰੀਆਂ ਦੇਣਾ ਵੀ ਹੈ।

ਇਹ ਵੀ ਪੜ੍ਹੋ : ਓ. ਪੀ. ਸੋਨੀ ਦੀ ਹਾਜ਼ਰੀ 'ਚ ਭਿੜੇ ਕਾਂਗਰਸੀਆਂ ਵੱਲੋਂ ਗਾਲੀ-ਗਲੌਚ, ਗੁੱਸੇ 'ਚ ਆਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ

PunjabKesari

ਇਹੀ ਨਹੀਂ, ਅੰਦੋਲਨ 'ਚ ਸੱਤ ਮਹੀਨਿਆਂ ਤੋਂ ਲੈ ਕੇ 7 ਸਾਲ ਤੱਕ ਦੇ ਬੱਚੇ ਵੀ ਆਪਣੀ ਮਾਂ ਨਾਲ ਟਰੈਕਟਰਾਂ ’ਤੇ ਬੈਠੇ ਹੋਏ ਹਨ। 13 ਸਾਲ ਦੇ ਬੱਚੇ ਕਾਨੂੰਨ ਖ਼ਿਲਾਫ਼ ਭਾਸ਼ਣ ਦੇਣ ਦਾ ਕੰਮ ਵੀ ਸੰਭਾਲ ਰਹੇ ਹਨ। ਮਾਂ ਵੱਲੋਂ ਦੱਸੇ ਗਏ ਭਾਸ਼ਣਾਂ ਨਾਲ ਉਹ ਕਿਸਾਨਾਂ ਨੂੰ ਸੰਘਰਸ਼ ਨਾਲ ਜੋੜਨ 'ਚ ਲੱਗੇ ਹੋਏ ਹਨ। ਬੱਚਿਆਂ ਦੇ ਖੇਡਣ ਲਈ ਵੀ ਇੰਤਜ਼ਾਮ ਕੀਤੇ ਗਏ ਹਨ। ਕਿਸਾਨ ਆਗੂ ਬੀਬੀਆਂ ਦਾ ਕਹਿਣਾ ਹੈ ਕਿ ਬੀਬੀਆਂ ਦੀ ਟਰੈਕਟਰ ਯਾਤਰਾ ਸਰਕਾਰ ਨੂੰ ਸੁਨੇਹੇ ਦੇ ਰਹੀ ਹੈ ਕਿ ਉਹ ਬੱਚਿਆਂ ਅਤੇ ਪਰਿਵਾਰ ਦੇ ਨਾਲ ਮੈਦਾਨ 'ਚ ਪਹੁੰਚ ਚੁੱਕੀਆਂ ਹਨ। ਜਦੋਂ ਬੀਬੀਆਂ ਕਿਸੇ ਅੰਦੋਲਨ ਨਾਲ ਜੁੜਦੀਆਂ ਹਨ ਤਾਂ ਹਾਰ ਨਹੀਂ ਮੰਨਦੀਆਂ, ਸਗੋਂ ਜਿੱਤ ਕੇ ਹੀ ਦਮ ਲੈਂਦੀਆਂ ਹਨ।

ਇਹ ਵੀ ਪੜ੍ਹੋ : ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'
‘ਹਾਰਾਂਗੇ ਨਹੀਂ, ਭਾਵੇਂ ਸੰਘਰਸ਼ ਸਾਲ ਭਰ ਕਿਉਂ ਨਾ ਚੱਲੇ'
ਭਾਰਤੀ ਕਿਸਾਨ ਯੂਨੀਅਨ ਮਹਿਲਾ ਵਿੰਗ ਦੇ ਨੇਤਾ ਹਰਿੰਦਰ ਕੌਰ ਬਿੰਦੀ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਕਿਸਾਨ ਬੀਬੀਆਂ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਘਰਸ਼ ਕਰ ਰਹੀਆਂ ਹਨ। ਬੀਬੀਆਂ ਨੇ ਸੰਘਰਸ਼ ਨੂੰ ਤੇਜ਼ ਕਰਨ ਦੀ ਕਮਾਨ ਸੰਭਾਲੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਜਦੋਂ ਲੱਖਾਂ ਲੋਕ ਬਾਰਡਰ ’ਤੇ ਪਹੁੰਚ ਜਾਣਗੇ ਤਾਂ ਸਰਕਾਰ ਨੂੰ ਸਮਝ 'ਚ ਆ ਜਾਵੇਗਾ ਕਿ ਕਿਸਾਨ ਸਿਰਫ ਭੋਲਾ ਹੀ ਨਹੀਂ, ਸਗੋਂ ਪੂਰੀ ਦੁਨੀਆਂ ਨੂੰ ਹਿਲਾਉਣ ਦੀ ਤਾਕਤ ਵੀ ਰੱਖਦਾ ਹੈ। ਕੜਾਕੇ ਦੀ ਠੰਡ 'ਚ ਬੀਬੀਆਂ ਘਰ ਛੱਡ ਕੇ ਬਾਰਡਰ ’ਤੇ ਗਈਆਂ ਹਨ ਤਾਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਨੂੰਨ 'ਚ ਸਿਰਫ ਸੋਧ ਨਾਲ ਕੰਮ ਨਹੀਂ ਚੱਲੇਗਾ, ਸਗੋਂ ਇਨ੍ਹਾਂ ਨੂੰ ਰੱਦ ਕਰਨਾ ਹੀ ਪਵੇਗਾ। ਬਿੰਦੀ ਨੇ ਕਿਹਾ ਕਿ ਅਸੀ ਹਾਰਾਂਗੇ ਨਹੀਂ, ਭਾਵੇਂ ਸੰਘਰਸ਼ ਸਾਲ ਭਰ ਕਿਉਂ ਨਾ ਚੱਲੇ, ਇਸੇ ਤਰ੍ਹਾਂ ਬਾਰਡਰ ’ਤੇ ਡੱਟੇ ਰਹਾਂਗੇ। ਬਿੰਦੀ ਨੇ ਕਿਹਾ ਕਿ ਕੁੱਝ ਮੰਤਰੀ ਕਹਿ ਰਹੇ ਹਨ ਕਿ ਕਿਸਾਨ ਬਾਰਡਰ ’ਤੇ ਪਿਕਨਿਕ ਮਨਾ ਰਹੇ ਹਨ, ਉਨ੍ਹਾਂ ਨੂੰ ਇਹ ਪਿਕਨਿਕ ਲੱਗ ਰਿਹਾ ਹੈ ਤਾਂ ਉਹ ਵੀ ਹਿੱਸਾ ਲੈ ਲੈਣ ਪਰ ਕੁੱਝ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਭਰਨ ਲਈ ਕਿਸਾਨਾਂ ਦੇ ਅਧਿਕਾਰਾਂ ਨੂੰ ਖਾਣ ਦਾ ਕੰਮ ਨਾ ਕਰਨ।

ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋਵੇਗੀ 'ਚਾਰਟਰਡ ਅਕਾਊਂਟੈਂਟ' ਦੀ ਪ੍ਰੀਖਿਆ, 'ਐਡਮਿਟ ਕਾਰਡ' ਵੈੱਬਸਾਈਟ 'ਤੇ ਜਾਰੀ
‘ਲੋਹੜੀ ਵੀ ਸ਼ਾਇਦ ਬਾਰਡਰ ’ਤੇ ਹੀ ਮਨਾਉਣੀ ਪਵੇਗੀ’
ਕਿਸਾਨ ਆਗੂ ਬੀਬੀ ਪਰਮਜੀਤ ਪੰਮੀ ਪੀਥੋ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਕਿਸਾਨ ਆਪਣੀ ਜ਼ਮੀਨ ’ਤੇ ਹੀ ਮਜ਼ਦੂਰ ਬਣ ਜਾਵੇਗਾ। ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਚਾਹੀਦਾ ਹੈ ਤਾਂ ਉਨ੍ਹਾਂ ਨਾਲ ਅੰਦੋਲਨ 'ਚ ਵੀ ਬਰਾਬਰ ਦੀ ਹਿੱਸੇਦਾਰੀ ਨਿਭਾਉਣੀ ਹੋਵੇਗੀ। ਕਿਸਾਨ ਬੀਬੀਆਂ ਹਰ ਰੋਜ਼ ਪੁਰਸ਼ਾਂ ਦੇ ਬਰਾਬਰ ਭਾਸ਼ਣ ਵੀ ਦੇ ਰਹੀਆਂ ਹਨ, ਸਰਕਾਰ ਦੀਆਂ ਕਾਲੀਆਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ। ਬਹੁਤ ਦੂਰੋਂ ਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਅੰਦੋਲਨ ਕੋਈ ਆਮ ਸੰਘਰਸ਼ ਨਹੀਂ ਹੈ, ਸਗੋਂ ਇਹ ਅਜਿਹਾ ਅੰਦੋਲਨ ਬਣ ਚੁੱਕਿਆ ਹੈ, ਜਿਸ ਨੂੰ ਪੂਰੀ ਦੁਨੀਆਂ ਦਾ ਸਾਥ ਮਿਲ ਰਿਹਾ ਹੈ। ਸਰਕਾਰ ਆਪਣੀ ਜ਼ਿੱਦ ਛੱਡਣ ਦਾ ਨਾਮ ਨਹੀਂ ਲੈ ਰਹੀ ਤਾਂ ਅਸੀਂ ਵੀ ਸੰਘਰਸ਼ ਛੱਡਣ ਵਾਲੇ ਨਹੀਂ ਹਾਂ। ਹੁਣ ਲੋਹੜੀ ਵੀ ਸ਼ਾਇਦ ਬਾਰਡਰ ’ਤੇ ਹੀ ਮਨਾਉਣੀ ਪਵੇਗੀ, ਜਿਸ ਦੇ ਲਈ ਕਿਸਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਨੋਟ : ਕਿਸਾਨੀ ਸੰਘਰਸ਼ ਤੇਜ਼ ਕਰਨ ਲਈ ਕਮਾਨ ਸੰਭਾਲਣ ਵਾਲੀਆਂ ਬੀਬੀਆਂ ਬਾਰੇ ਦਿਓ ਆਪਣੀ ਰਾਏ
 


Babita

Content Editor

Related News