ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਅੰਦੋਲਨਕਾਰੀਆਂ ਨੂੰ ਅਪੀਲ, ਜੇਕਰ ਮੈਨੂੰ ਕੁਝ ਹੋ ਗਿਆ ਤਾਂ...

11/23/2022 1:15:38 PM

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਟਹਿਣਾ ਪਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਾਏ ਗਏ ਧਰਨਾ ਦਾ ਅੱਜ 8ਵਾਂ ਦਿਨ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ 5ਵੇਂ ਦਿਨ ਜਾਰੀ ਹੈ। ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਲਗਾਤਾਰ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ ਪਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਚੇ ਡਟੇ ਹੋਏ ਹਨ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਜਦੋਂ ਤੱਕ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਉਸ ਵੇਲੇ ਤੱਕ ਉਹ ਇਹ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨਾਂ ਦੇ ਚੱਲਦਿਆਂ ਉਨ੍ਹਾਂ ਦਾ ਪੁਤਲਾ ਸਾੜ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇ ਅਤੇ ਕੱਲ੍ਹ ਗੈਰ-ਸਿਆਸੀ SKM ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਧਰਨੇ ਨੂੰ ਲੈ ਕੇ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਧਰਨੇ ਦੌਰਾਨ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਧਰਨਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇ। ਜਿੰਨਾ ਸਮਾਂ ਮੋਰਚੇ ਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। 

ਇਹ ਵੀ ਪੜ੍ਹੋ - ਪੈਲੇਸ ’ਚ ਚਲਾਈ ਗੋਲ਼ੀ ਨਾਲ ਮਚ ਗਿਆ ਚੀਕ ਚਿਹਾੜਾ, ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗਾ ਬੱਚਾ

ਡੱਲੇਵਾਲ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਇਹ ਨਹੀਂ ਦੇਖਿਆ ਜਾਂਦਾ ਕਿ ਸਿਹਤ ਖ਼ਰਾਬ ਹੈ ਜਾਂ ਠੀਕ ਸਗੋਂ ਇਹ ਦੇਖਣਾ ਹੁੰਦਾ ਹੈ ਕਿ ਸਾਡੀ ਮਾਨਸਿਕਤਾ ਕੀ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਵਿਸ਼ਵਾਸ ਵੀ ਕਿਸਾਨ ਜਥੇਬੰਦੀਆਂ ਪ੍ਰਤੀ ਬਣਿਆ ਰਹੇਗਾ। ਡਾਕਟਰਾਂ ਦਾ ਕਹਿਣਾ ਤਾਂ ਚੱਲਦਾ ਹੀ ਰਹਿੰਦਾ ਪਰ ਇਨ੍ਹਾਂ ਗੱਲਾਂ ਨਾਲ ਅੰਦੋਲਨਕਾਰੀ ਨੂੰ ਕੋਈ ਫਰਕ ਨਹੀਂ ਪੈਂਦਾ। ਮਰਨ ਵਰਤ 'ਤੇ ਬੈਠਾਂਗੇ ਤਾਂ ਸਿਹਤ ਪੱਖੀ ਸਮੱਸਿਆਵਾਂ ਤਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਲਿਖਤੀ ਰੂਪ 'ਚ ਇਹ ਵੀ ਕਿਹਾ ਹੈ ਕਿ ਜੇਕਰ ਅੰਦੋਲਨ ਦੌਰਾਨ ਕਿਸੇ ਨੂੰ ਕੁਝ ਹੋ ਜਾਂਦਾ ਹੈ ਤਾਂ ਉਸਦਾ ਬੋਝ ਕਿਸੇ 'ਤੇ ਨਹੀਂ ਪਾਇਆ ਜਾਵੇਗਾ।

ਇਹ ਵੀ ਪੜ੍ਹੋ- ਮਾਂ ਦੇ ਤਸ਼ੱਦਦ ਤੋਂ ਡਰਦੀ 11 ਸਾਲਾ ਧੀ ਨੇ ਚੁੱਕਿਆ ਵੱਡਾ ਕਦਮ, ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

ਡੱਲੇਵਾਲ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸਾਡੇ ਕੋਲ ਆਏ ਸਨ ਪਰ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸੰਧਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਉਸ ਅਹੁਦੇ 'ਤੇ ਬਿਠਾਇਆ ਹੈ, ਜਿੱਥੇ ਉਹ ਕੁਝ ਵੀ ਕਰਨ 'ਚ ਅਸਮਰੱਥ ਹਨ। ਡੱਲੇਵਾਲ ਨੇ ਕਿਹਾ ਕਿ ਸੰਧਵਾਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵੀ ਉੱਚ-ਅਧਿਕਾਰੀਆਂ ਨਾਲ ਇਸ ਮਾਮਲੇ 'ਚ ਗੱਲ ਹੋਈ ਹੈ ਪਰ ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਸਰਕਾਰ ਨੇ ਮੰਗਾਂ ਮੰਨ ਕੇ ਕਈ ਮੰਗਾਂ ਤੋਂ ਜੋ ਯੂ-ਟਰਨ ਲਿਆ ਹੈ , ਉਹ ਉਸ ਨੂੰ ਫਿਰ ਲਾਗੂ ਕਰੇ। ਕਿਸਾਨਾਂ ਦੀ ਜ਼ਮੀਨ ਲੈਣ ਦਾ ਨੋਟੀਫਿਕੇਸ਼ਨ ਰੱਦ ਕਰਕੇ , ਕਿਸਾਨਾਂ ਨੂੰ ਜ਼ਮੀਨ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਅਸੀਂ ਖ਼ੁਦ ਹੀ ਧਰਨਾ ਖ਼ਤਮ ਕਰ ਦੇਵਾਂਗੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto