''ਕਰਜ਼ੇ ''ਚ ਡੁੱਬਿਆ ਕਿਸਾਨ ਹੁਣ ਦਮਾਮੇ ਮਾਰਨੇ ਭੁੱਲਿਆ''

04/15/2018 8:20:54 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਉਹ ਵੀ ਸਮਾਂ ਸੀ, ਜਦੋਂ ਪੰਜਾਬ ਦਾ ਕਿਸਾਨ ਆਰਥਕ ਪੱਖੋਂ ਖੁਸ਼ਹਾਲ ਸੀ, ਉਹ ਬੜੇ ਚਾਵਾਂ ਨਾਲ ਮੇਲੇ 'ਚ ਜਾਂਦਾ ਤੇ ਖੁਸ਼ੀਆਂ 'ਚ ਝੂਮਦਾ ਹੋਇਆ ਬੇਫਿਕਰੀ ਦੇ ਆਲਮ 'ਚੋਂ ਲੰਘਦਾ ਹੱਥ 'ਚ ਡਾਂਗ ਫੜ ਤੇ ਸਿਰ 'ਤੇ ਛਮਲੇ ਵਾਲੀ ਪੱਗ ਬੰਨ੍ਹ ਕੇ ਵਿਸਾਖੀ ਦਾ ਮੇਲਾ ਵੇਖਣ ਜਾਇਆ ਕਰਦਾ ਸੀ।  ਮੇਲੇ ਜਾਂਦੇ ਜੱਟਾਂ ਦੀ ਟੌਹਰ ਵੇਖ ਕੇ ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤਰਿਕ ਨੇ ਲਿਖਿਆ ਸੀ ਕਿ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ'। ਮੇਲਿਆਂ ਦੇ ਬਾਦਸ਼ਾਹ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਐਸੀ ਚੰਦਰੀ ਨਜ਼ਰ ਲੱਗੀ ਕਿ ਅੱਤ ਦੀ ਮਹਿੰਗਾਈ, ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ, ਆਪਸੀ ਫੁੱਟ ਨੇ ਇਸ ਦੀਆਂ ਰੀਝਾਂ ਨੂੰ ਗ੍ਰਹਿਣ ਲਾ ਦਿੱਤਾ। ਦੇਸ਼ ਦਾ ਅੰਨਦਾਤਾ ਵਿਚਾਰਾ ਹੋ ਕੇ ਰਹਿ ਗਿਆ।  ਕਰਜ਼ੇ ਦੀ ਦਲ-ਦਲ 'ਚ ਧਸਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਕਿਸਾਨ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਿਤ ਹੈ, ਉਹ ਸੋਚਦਾ ਹੈ ਕਿ ਓਹ ਕਰੇ ਤਾਂ ਕੀ ਕਰੇ ਤੇ ਕਿੱਧਰ ਜਾਵੇ। ਹੁਣ ਉਸ ਨੂੰ ਵਿਸਾਖੀ ਦੀ ਖੁਸ਼ੀ ਵੀ ਖਰਚੇ ਦਾ ਨਾਂ ਮਹਿਸੂਸ ਹੁੰਦੀ ਹੈ ਕਿਉਂਕਿ ਬੱਚਿਆਂ ਦੀ ਮਹਿੰਗੀ ਪੜ੍ਹਾਈ, ਰਹਿਣ-ਸਹਿਣ ਦੇ ਖਰਚੇ, ਮਹਿੰਗੀ ਖੇਤੀ ਆਦਿ ਨੇ ਉਸ ਦੀਆਂ ਖੁਸ਼ੀਆਂ ਖੋਹ ਲਈਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀ ਚੇਅਰਮੈਨ ਜਗਜੀਤ ਸਿੰਘ ਯੂ. ਐੱਸ. ਏ., ਸਿੱਖ ਵਰਲਡ ਲਾਈਵ ਦੇ ਕੁਲਦੀਪ ਸਿੰਘ ਮਧੇਕੇ, ਜਗਜੀਤ ਸਿੰਘ ਖਾਈ ਨੇ ਕਿਹਾ ਕਿ ਅੱਜ ਦੇ ਇਸ ਪਦਾਰਥਵਾਦੀ ਯੁੱਗ 'ਚ ਮੇਲੇ ਪਹਿਲਾਂ ਵਾਂਗ ਦਿੱਖ ਨਹੀਂ ਦਿੰਦੇ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਤੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੇ ਸਮੁੱਚੀ ਕਿਰਸਾਨੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਜਿਸ ਕਾਰਨ ਅਸਲੋਂ ਕੰਗਾਲ ਹੋਇਆ ਅੱਜ ਦਾ ਕਿਸਾਨ ਮੇਲਿਆਂ ਦਾ ਆਨੰਦ ਮਾਨਣ ਤੋਂ ਬਿਲਕੁਲ ਅਸਮਰੱਥ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਦੇ ਸਮੇਂ 'ਚ ਮਨੋਰੰਜਨ ਦੇ ਸਾਧਨ ਜਿਵੇਂ ਟੈਲੀਵਿਜ਼ਨ, ਕੰਪਿਊਟਰ, ਇੰਟਰਨੈੱਟ ਵਰਗੀਆਂ ਕਾਢਾਂ ਨੇ ਅਜੋਕੀ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਨਾਲੋਂ ਤੋੜ ਕੇ ਪੱਛਮੀ ਸੱਭਿਆਚਾਰ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਮੇਲਿਆਂ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਪੰਜਾਬੀ ਸੱਭਿਆਚਾਰ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ, ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ, ਐਡਵੋਕੇਟ ਧਰਮਪਾਲ ਸਿੰਘ ਨੇ ਕਿਹਾ ਕਿ ਮੇਲੇ ਜਿਥੇ ਸਾਡੇ ਮਨੋਰੰਜਨ ਦਾ ਸਾਧਨ ਹਨ, ਉਥੇ ਹੀ ਸਾਡੀ ਆਪਸੀ ਭਾਈਚਾਰਕ ਸਾਂਝ ਤੇ ਰੂਹ ਦੀ ਖੁਰਾਕ ਵੀ ਹਨ। ਇਸ ਲਈ ਅਜੋਕੇ ਫੈਸ਼ਨ ਪ੍ਰਸਤੀ ਵਾਲੇ ਯੁੱਗ ਦੇ ਹੜ੍ਹ 'ਚ ਬਹਿ ਕੇ ਸਾਨੂੰ ਆਪਣੇ ਪੁਰਖਿਆਂ ਵੱਲੋਂ ਚਲਾਏ ਮੇਲਿਆਂ ਨੂੰ ਤਿਲਾਂਜਲੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਜਾਂ ਰੀਤੀ-ਰਿਵਾਜਾਂ ਨੂੰ ਮਨੋਂ ਵਿਸਾਰ ਦਿੰਦੀਆਂ ਹਨ ਉਹ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਕੋਕਰੀ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਕਰਜ਼ਾਈ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਹੁਣ ਵੀ ਹਰ ਰੋਜ਼ ਦੋ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਵੀ ਸਰਕਾਰ ਕਿਸਾਨਾਂ ਨੂੰ ਨਰਕਮਈ ਜ਼ਿੰਦਗੀ 'ਚੋਂ ਕੱਢਣ ਦੀ ਵਜਾਏ ਫਸਲਾਂ ਨੂੰ ਖਰੀਦਣ ਤੋਂ ਆਨਾਕਾਨੀ ਕਰ ਰਹੀ ਹੈ। ਸਰਕਾਰਾਂ ਦੀਆਂ ਨਵੀਆਂ ਆਰਥਕ ਨੀਤੀਆਂ ਨੇ ਲੋਕਾਂ ਨੂੰ ਹੋਰ ਕਰਜ਼ਾਈ ਕੀਤਾ ਹੈ ਅਤੇ ਵੱਡੀਆਂ ਕੁਰਬਾਨੀਆਂ ਕਰ ਕੇ ਹਾਸਲ ਕੀਤੀ ਆਜ਼ਾਦੀ ਅੱਜ ਦੇਸ਼ ਦੇ ਲੀਡਰਾਂ ਦੀਆਂ ਗਲਤ ਨੀਤੀਆਂ ਕਾਰਨ ਮੁੜ ਖਤਰੇ 'ਚ ਹੈ। ਅਜਿਹੀ ਹਾਲਤ 'ਚ ਮੇਲਿਆਂ 'ਤੇ ਰੌਣਕ ਘਟਣਾ ਆਮ ਗੱਲ ਹੈ।  ਹਲਕੇ ਦੇ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ, ਦੀਨਾ, ਹਿੰਮਤਪੁਰ, ਮਾਛੀਕੇ ਵਿਖੇ ਇਸ ਵਾਰ ਵਿਸਾਖੀ ਦੇ ਮੇਲੇ ਦਾ ਰੰਗ ਪਿਛਲੇ ਸਾਲਾਂ ਨਾਲੋਂ ਫਿੱਕਾ ਰਿਹਾ, ਜੋ ਕਿ ਸਾਡੇ ਸੱਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।


Related News