ਤੇਜ਼ ਹਵਾ ਤੇ ਮੀਂਹ ਕਾਰਨ ਫਸਲਾਂ ਦਾ ਹੋਇਆ ਨੁਕਸਾਨ

Thursday, Mar 22, 2018 - 08:26 AM (IST)

ਮੰਡੀ ਲੱਖੇਵਾਲੀ (ਸੁਖਪਾਲ) - 20 ਮਾਰਚ ਤੋਂ ਖਰਾਬ ਹੋਏ ਮੌਸਮ ਅਤੇ ਰਾਤ ਵੇਲੇ ਆਏ ਮੀਂਹ ਤੇ ਤੇਜ਼ ਹਵਾ ਕਾਰਨ ਇਸ ਇਲਾਕੇ ਦੇ ਕੁਝ ਪਿੰਡਾਂ ਵਿਚ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦੀ ਖਬਰ ਹੈ, ਜਿਸ ਕਰ ਕੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਉੱਡ ਗਈਆਂ ਹਨ। ਪਿੰਡ ਭਾਗਸਰ, ਝੀਂਡਵਾਲਾ, ਚਿੱਬੜਾਂਵਾਲੀ, ਮਹਾਬੱਧਰ, ਰਹੂੜਿਆਂਵਾਲੀ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਜਿਹੜੀ ਕਣਕ ਦੀ ਫਸਲ ਭਾਰੀ ਸੀ, ਉਹ ਤੇਜ਼ ਹਵਾ ਕਰ ਕੇ ਧਰਤੀ 'ਤੇ ਵਿਛ ਗਈ, ਜਿਸ ਨਾਲ ਫਸਲ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਕੁਝ ਹਫ਼ਤਿਆਂ ਤੱਕ ਕਣਕ ਪੱਕਣ ਵਾਲੀ ਹੈ ਅਤੇ ਧਰਤੀ 'ਤੇ ਡਿੱਗੀ ਹੋਈ ਫਸਲ ਹੱਥਾਂ ਨਾਲ ਵੱਢਣੀ ਪਵੇਗੀ। ਅਜੇ ਮੌਸਮ ਸਾਫ਼ ਨਹੀਂ ਹੋਇਆ ਤੇ ਕਿਸਾਨਾਂ ਨੂੰ ਡਰ ਹੈ ਕਿ ਰੱਬ ਪਤਾ ਨਹੀਂ ਅਜੇ ਮੌਸਮ ਸਾਫ਼ ਕਰੇਗਾ ਕਿ ਨਹੀਂ।
ਸਾਦਿਕ, (ਦੀਪਕ)-ਅਚਾਨਕ ਮੌਸਮ 'ਚ ਆਏ ਬਦਲਾਅ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਅਤੇ ਮੀਂਹ ਕਾਰਨ ਪੱਕੀ ਹੋਈ ਕਣਕ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ। ਤੇਜ਼ ਹਵਾ ਕਰ ਕੇ ਫਸਲ ਡਿੱਗ ਜਾਂਦੀ ਹੈ, ਜਿਸ ਨੂੰ ਬਾਅਦ 'ਚ ਵੱਢਣਾ ਮੁਸ਼ਕਲ ਹੋ ਜਾਂਦਾ ਹੈ। ਕਦੇ ਧੁੱਪ ਅਤੇ ਕਦੇ ਮੀਂਹ ਕਾਰਨ ਕਿਸਾਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲੀ ਫ਼ਸਲ ਦੇ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਕਿਸਾਨ ਆਗੂ ਸਰਕਾਰ ਤੋਂ ਫ਼ਸਲੀ ਬੀਮਾ ਕਰਨ ਦੀ ਵੀ ਮੰਗ ਕਰ ਰਹੇ ਹਨ।


Related News