ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ''ਤੇ ਮੌਸਮ ਦੀ ਮਾਰ

08/19/2017 6:55:25 AM

ਜਲੰਧਰ - ਸਾਉਣ ਦਾ ਮਹੀਨਾ ਬੀਤ ਚੁੱਕਾ ਹੈ ਪਰ ਦੇਸ਼ ਦੇ ਵੱਡੇ ਹਿੱਸੇ 'ਤੇ ਸਾਉਣ ਸੁੱਕਾ ਹੀ ਲੰਘ ਗਿਆ। ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੌਸਮ ਵਿਭਾਗ ਨੇ ਸਾਧਾਰਨ ਮਾਨਸੂਨ ਦੀ ਭਵਿੱਖਬਾਣੀ ਕੀਤੀ ਸੀ ਪਰ 18 ਅਗਸਤ ਤੱਕ ਦੇ ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਕਈ ਸੂਬਿਆਂ ਵਿਚ ਮਾਨਸੂਨ ਹੁਣ ਤੱਕ ਸਾਧਾਰਨ ਨਹੀਂ ਰਿਹਾ ਹੈ। ਖੇਤੀ ਪ੍ਰਧਾਨ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕਰਨਾਟਕ ਵਿਚ ਹੁਣ ਤੱਕ ਸਭ ਤੋਂ ਘੱਟ ਮੀਂਹ ਪਿਆ ਹੈ। ਮਾਨਸੂਨ ਦੇ ਧੋਖਾ ਦੇਣ ਕਾਰਨ ਇਨ੍ਹਾਂ ਸੂਬਿਆਂ ਦੇ ਕਿਸਾਨ ਚਿੰਤਤ ਹਨ। ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਹੋਏ ਹਨ। ਅਜਿਹੇ ਵਿਚ ਮਾਨਸੂਨ ਫੇਲ ਹੋਇਆ ਤਾਂ ਕਿਸਾਨਾਂ ਦੇ ਨਾਲ-ਨਾਲ ਦੇਸ਼ ਦੀ ਅਰਥ ਵਿਵਸਥਾ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ। ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਇਸ ਸੂਬੇ ਵਿਚ ਵੀ ਹੁਣ ਤੱਕ 16 ਫੀਸਦੀ ਘੱਟ ਮੀਂਹ ਪਿਆ ਹੈ।
ਮਹਾਰਾਸ਼ਟਰ ਵਿਚ ਕਪਾਹ ਦੀ ਖੇਤੀ ਹੁੰਦੀ ਹੈ ਅਤੇ ਜੁਲਾਈ ਦੀ ਸ਼ੁਰੂਆਤ ਵਿਚ ਤਾਂ ਇਥੇ  ਚੰਗਾ ਮੀਂਹ ਪੈਂਦਾ ਸੀ ਪਰ ਅਗਸਤ ਵਿਚ ਇੰਦਰਦੇਵ ਦੇ ਮਹਾਰਾਸ਼ਟਰ ਤੋਂ ਨਾਰਾਜ਼ ਹੋਏ ਹੀ ਲੱਗਦੇ ਰਹੇ ਹਨ। ਇਸ ਤੋਂ ਇਲਾਵਾ ਝੋਨੇ ਦੀ ਖੇਤੀ ਲਈ ਮਸ਼ਹੂਰ ਹਰਿਆਣਾ ਵਿਚ 26 ਫੀਸਦੀ ਘੱਟ ਮੀਂਹ ਪਿਆ ਹੈ।
ਇਥੇ ਕਿਸਾਨਾਂ ਨੂੰ ਆਪਣੀਆਂ ਝੋਨੇ ਅਤੇ ਬਾਸਮਤੀ ਦੀਆਂ ਫਸਲਾਂ ਬਚਾਉਣ ਲਈ ਟਿਊਬਵੈੱਲ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਲਾਗਤ ਵਧੀ ਹੈ। ਉੱਤਰ ਪ੍ਰਦੇਸ਼ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਮਾਨਸੂਨ ਤੋਂ ਆਸ ਸੀ ਪਰ ਉਥੇ ਵੀ 22 ਫੀਸਦੀ ਮੀਂਹ ਘੱਟ ਪਿਆ ਹੈ, ਜਿਸ ਕਾਰਨ ਕਿਸਾਨ ਨਿਰਾਸ਼ ਹਨ, ਜਦਕਿ ਦਾਲਾਂ ਦੀ ਫਸਲ ਲਈ ਮਸ਼ਹੂਰ ਮੱਧ ਪ੍ਰਦੇਸ਼ ਵਿਚ ਵੀ 23 ਫੀਸਦੀ ਘੱਟ ਮੀਂਹ ਪਿਆ ਹੈ।
ਅਗਸਤ 'ਚ ਬਿਜਾਈ ਪਿੱਛੜੀ
ਇਸੇ ਦਰਮਿਆਨ ਮਾਨਸੂਨ ਦੀ ਬੇਰੁਖ਼ੀ ਦਾ ਅਸਰ ਮੌਜੂਦਾ ਖਰੀਫ ਸੀਜ਼ਨ ਦੀ ਬਿਜਾਈ 'ਤੇ ਸਾਫ ਨਜ਼ਰ ਆਉਣ ਲੱਗਾ ਹੈ। ਮੀਂਹ ਨਾ ਪੈਣ ਕਾਰਨ ਦੇਸ਼ ਭਰ 'ਚ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਪਿੱਛੜ ਗਈ ਹੈ। 4 ਅਗਸਤ ਤੱਕ ਪੂਰੇ ਦੇਸ਼ 'ਚ ਬਿਜਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ ਅਤੇ ਹੁਣ ਤੱਕ 878.23 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਤਕ 855.85 ਲੱਖ ਹੈਕਟੇਅਰ ਰਕਬੇ 'ਚ ਬਿਜਾਈ ਹੋਈ ਸੀ ਅਤੇ ਇਹ ਅੰਕੜਾ ਬੀਤੇ ਸਾਲ ਦੇ ਮੁਕਾਬਲੇ 22 ਲੱਖ ਹੈਕਟੇਅਰ ਜ਼ਿਆਦਾ ਸੀ ਪਰ ਪਿਛਲੇ 14 ਦਿਨਾਂ ਵਿਚ ਬਿਜਾਈ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਪਿੱਛੜ ਗਿਆ ਹੈ। ਪਿਛਲੇ ਸਾਲ 18 ਅਗਸਤ ਤੱਕ 984.57 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਹੋਈ ਸੀ, ਜਦਕਿ ਇਸ ਸਾਲ ਇਹ ਰਕਬਾ ਘਟ ਕੇ 976.34 ਲੱਖ ਹੈਕਟੇਅਰ ਰਹਿ ਗਿਆ ਹੈ ਮਤਲਬ ਪਿਛਲੇ ਸਾਲ ਦੇ ਮੁਕਾਬਲੇ 8 ਲੱਖ ਹੈਕਟੇਅਰ ਘੱਟ ਬਿਜਾਈ ਹੋਈ ਹੈ।
ਮਹਿੰਗੇ ਹੋਣਗੇ ਖਾਣ ਵਾਲੇ ਤੇਲ ਤੇ ਦਾਲਾਂ
ਦੇਸ਼ 'ਚ ਹੁਣ ਤੱਕ ਦੇ ਬਿਜਾਈ ਦੇ ਅੰਕੜਿਆਂ ਤੋਂ ਸਾਫ ਹੈ ਕਿ ਆਉਣ ਵਾਲੇ ਸਾਲ 'ਚ ਦੇਸ਼ ਵਿਚ ਦਾਲਾਂ ਅਤੇ ਖਾਣ ਵਾਲੇ ਤੇਲ ਦੇ ਉਤਪਾਦਨ 'ਚ ਕਮੀ ਹੋ ਸਕਦੀ ਹੈ। ਪਿਛਲੇ ਸਾਲ 18 ਅਗਸਤ ਤੱਕ ਦੇਸ਼ ਵਿਚ 135.42 ਲੱਖ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਬਿਜਾਈ ਹੋਈ ਸੀ, ਜੋ ਇਸ ਸਾਲ ਘਟ ਕੇ 130.68 ਲੱਖ ਹੈਕਟੇਅਰ ਰਹਿ ਗਈ ਹੈ, ਜਦਕਿ ਖਾਣ ਵਾਲੇ ਤੇਲ ਬਣਾਉਣ ਦੇ ਬੀਜਾਂ ਦੀ ਬਿਜਾਈ ਦਾ ਰਕਬਾ ਕਰੀਬ 18 ਲੱਖ ਹੈਕਟੇਅਰ ਘਟ ਗਿਆ ਹੈ। ਪਿਛਲੇ ਸਾਲ 175.10 ਲੱਖ ਹੈਕਟੇਅਰ ਰਕਬੇ ਵਿਚ ਖਾਣ ਵਾਲੇ ਤੇਲਾਂ ਦੇ ਬੀਜਾਂ ਦੀ ਬਿਜਾਈ ਹੋਈ ਸੀ, ਜੋ ਇਸ ਸਾਲ ਘਟ ਕੇ 157.36 ਲੱਖ ਹੈਕਟੇਅਰ ਰਹਿ ਗਿਆ ਹੈ।