ਪਾਣੀ ''ਚ ਡੁੱਬੀ ਫਸਲ ਨੂੰ ਦੇਖ ਸਦਮੇ ''ਚ ਗਿਆ ਕਿਸਾਨ, ਤੋੜਿਆ ਦਮ (pics)

08/14/2017 7:04:58 PM

ਸੁਲਤਾਨਪੁਰ ਲੋਧੀ(ਧੀਰ)— ਬੀਤੇ 10 ਦਿਨਾਂ ਤੋਂ ਮੰਡ ਖੇਤਰ 'ਚ ਦਰਿਆ ਬਿਆਸ 'ਚ ਵਧੇ ਹੋਏ ਪਾਣੀ ਦੇ ਪੱਧਰ ਕਾਰਨ ਡੁੱਬੀ ਹੋਈ ਝੋਨੇ ਦੀ ਫਸਲ ਨੂੰ ਬਰਬਾਦ ਹੁੰਦਿਆਂ ਦੇਖ ਕੇ ਬੀਤੀ ਰਾਤ ਮੰਡ ਖੇਤਰ ਦੇ ਪਿੰਡ ਬਾਊਪੁਰ ਕਦੀਮ ਦੇ ਇਕ ਕਿਸਾਨ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਦੀ ਸਦਮੇ ਨੂੰ ਨਾ ਸਹਿੰਦੇ ਹੋਏ ਮੌਤ ਹੋ ਗਈ, ਜਿਸ ਕਾਰਨ ਪੂਰੇ ਮੰਡ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂÎ ਸਰਪੰਚ ਗੁਰਮੀਤ ਸਿੰਘ ਬਾਊਪੁਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਕਿਸਾਨ ਸਾਰੀ ਜ਼ਿੰਦਗੀ ਇਸੇ ਮੰਡ ਖੇਤਰ 'ਚ ਮਿਹਨਤ ਕਰਦਾ ਰਿਹਾ ਪਰ ਹਰ ਸਾਲ ਆਉਂਦੇ ਹੜ੍ਹਾਂ ਕਾਰਨ ਫਸਲ ਦਾ ਮਰ ਜਾਣਾ ਅਤੇ ਉਪਰੋਂ ਪਰਿਵਾਰ ਨੂੰ ਚਲਾਉਣਾ, ਆੜ੍ਹਤੀਆਂ, ਬੈਂਕਾਂ ਦਾ ਕਰਜ਼ਾ ਅਤੇ ਆਰਥਿਕ ਮੰਦੀ ਦੇ ਚਲਦਿਆਂ ਇਹ ਗਰੀਬ ਕਿਸਾਨ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਪਿਛਲੇ 10 ਦਿਨਾਂ ਤੋਂ ਡੁੱਬੀ ਝੋਨੇ ਦੀ ਫਸਲ ਉਪਰੋਂ ਕਰਜ਼ਾ ਨਾ ਮੋੜਨ 'ਤੇ ਪਰੇਸ਼ਾਨ ਇਸ ਕਿਸਾਨ ਦੀ ਹਾਲਤ ਬੀਤੇ 2 ਦਿਨਾਂ ਤੋਂ ਹੋਰ ਖਰਾਬ ਹੋ ਰਹੀ ਸੀ, ਜਿਸ ਨੂੰ ਦੇਖਦਿਆਂ ਬੀਤੀ ਰਾਤ ਕਿਸਾਨ ਨੂੰ ਹਸਪਤਾਲ ਲਿਜਾਣ ਵਾਸਤੇ ਪਰਿਵਾਰ ਵਲੋਂ ਆਪਣੇ ਤੌਰ 'ਤੇ ਕਾਫੀ ਮੁਸ਼ੱਕਤ ਕੀਤੀ ਗਈ ਤਾਂ ਪਾਣੀ 'ਚ ਰਸਤੇ ਡੁੱਬੇ ਹੋਣ ਕਾਰਨ ਅਤੇ ਪਿੰਡ 'ਚ ਕੋਈ ਵੀ ਮੈਡੀਕਲ ਸੁਵਿਧਾ ਨਾ ਹੋਣ ਕਾਰਨ ਕਿਸ਼ਤੀ ਵੀ ਜਲਦੀ ਮੁਹੱਈਆ ਨਾ ਹੋ ਸਕੀ। ਆਖਿਰਕਾਰ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਜਿਸ ਵੇਲੇ ਕਿਸਾਨ ਨੂੰ ਸ਼ਹਿਰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 
ਗੌਰਤਲਬ ਹੈ ਕਿ ਪਹਿਲਾਂ ਵੀ ਬੀਤੇ ਸਾਲਾਂ 'ਚ ਅਜਿਹੇ ਹੀ ਹਾਲਾਤਾਂ 'ਚ 3 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਇਲਾਕੇ 'ਚ ਜਲਦੀ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਇਸ ਖੇਤਰ ਦੇ ਵਾਸੀਆਂ ਨੂੰ ਹਰ ਸਹੂਲਤ ਆਸਾਨੀ ਨਾਲ ਮਿਲ ਸਕੇ। ਉਨ੍ਹਾਂ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰਨ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਲਾਕੇ 'ਚ ਦੋ ਸ਼ਮਸ਼ਾਨਘਾਟ ਹਨ, ਜੋ ਪਾਣੀ 'ਚ ਹਨ ਅਤੇ ਸੰਸਕਾਰ ਕਰਨ 'ਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।