ਅਨਾਜ ਮੰਡੀਆਂ ''ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨ ਤੇ ਮਜ਼ਦੂਰ ਪ੍ਰੇਸ਼ਾ

Saturday, May 05, 2018 - 02:13 AM (IST)

ਨਥਾਣਾ(ਬੱਜੋਆਣੀਆਂ)-ਜਿਣਸ ਕੇਂਦਰਾਂ 'ਚ ਸਰਕਾਰੀ ਖਰੀਦ ਏਜੰਸੀਆਂ ਤੋਂ ਖਰੀਦੀ ਗਈ ਕਣਕ ਦੀ ਚੁਕਾਈ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰ ਕੇ ਮੰਡੀਆਂ 'ਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਹੋਣ ਨਾਲ ਕਿਸਾਨਾਂ ਅਤੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਕਮੇਟੀ ਨਥਾਣਾ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਥਾਣਾ ਤੇ ਇਸ ਨਾਲ ਜੁੜੇ ਆਰਜ਼ੀ ਖਰੀਦ ਕੇਂਦਰਾਂ 'ਚ ਇਸ ਸਮੇਂ 17552 ਗੱਟੇ ਦੀ ਅਜੇ ਤੱਕ ਚੁਕਾਈ ਨਹੀਂ ਹੋ ਸਕੀ, ਭਾਵੇਂ ਇਸ ਤਰ੍ਹਾਂ ਹੋਣ ਦਾ ਸਪੱਸ਼ਟ ਕਾਰਨ ਵਿਭਾਗ ਨੇ ਨਹੀਂ ਦੱਸਿਆ ਪਰ ਸਮਝਿਆ ਜਾ ਰਿਹਾ ਹੈ ਕਿ ਕਣਕ ਦੀ ਚੁਕਾਈ ਦੇ ਮਾਮਲੇ ਵਿਚ ਸਬੰਧਤ ਠੇਕੇਦਾਰਾਂ ਵੱਲੋਂ ਇਕ ਵੱਡਾ ਘਾਲਾ-ਮਾਲਾ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਬੋਰੀਆਂ ਦੀ ਚੁਕਾਈ ਦੇ ਕੰਮ ਵਿਚ ਰੁਕਾਵਟ ਬਣੀ ਹੋਈ ਹੈ, ਜਿਸ ਦਾ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ। ਪੱਲੇਦਾਰ ਯੂਨੀਅਨ ਦੇ ਆਗੂ ਵੀਰੂ ਦਾ ਕਹਿਣਾ ਸੀ ਕਿ ਕਣਕ ਦੀਆਂ ਬੋਰੀਆਂ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਰ ਕੇ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਗੁਰਭਜਨ ਸਿੰਘ ਕਲਿਆਣ ਨੇ ਦੱਸਿਆ ਕਿ ਟਰੱਕਾਂ ਦੀ ਲਦਾਈ ਨਾ ਹੋਣ ਕਰ ਕੇ ਉਹ ਆਪਣੀ ਜੇਬ 'ਚੋਂ ਖਰਚਾ ਕਰ ਰਹੇ ਹਨ, ਜਿਸ ਨਾਲ ਜਿਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ, ਉਥੇ ਹੀ ਉਨ੍ਹਾਂ ਦੀ ਦਿਹਾੜੀ ਵੀ ਸਿਰ ਪੈਂਦੀ ਹੈ। ਅਨਾਜ ਕੇਂਦਰਾਂ 'ਚ ਬੈਠ ਕੇ ਟਰੱਕਾਂ ਦਾ ਇੰਤਜ਼ਾਰ ਕਰਨਾ ਸਭ ਤੋਂ ਔਖਾ ਕੰਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਸਥਾਈ ਹੱਲ ਨਾ ਕੱਢਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


Related News