ਮੰਡੀਆਂ ''ਚ ਲਿਫਟਿੰਗ ਤੇ ਬਾਰਦਾਨੇ ਦੀ ਕਮੀ ਨਾਲ ਜੂਝ ਰਹੇ ਨੇ ਕਿਸਾਨ

04/26/2018 5:02:16 AM

ਸਿੱਧਵਾਂ ਬੇਟ(ਚਾਹਲ)-ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਨੇ ਫੜੀ ਤੇਜ਼ੀ ਕਾਰਨ ਦਾਣਾ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਤੇ ਕਿਸਾਨਾਂ ਨੂੰ ਕਣਕ ਦੀ ਹੋਰ ਫਸਲ ਸੁੱਟਣ ਨੂੰ ਥਾਂ ਨਹੀਂ ਮਿਲ ਰਹੀ। ਅੱਜ ਸਥਾਨਕ ਕਸਬੇ ਦੀ ਦਾਣਾ ਮੰਡੀ ਵਿਚ ਜਾ ਕੇ ਦੇਖਿਆ ਗਿਆ ਤਾਂ ਮੰਡੀ ਬੋਰੀਆਂ ਨਾਲ ਇਸ ਤਰ੍ਹਾਂ ਭਰ ਚੁੱਕੀ ਹੈ ਕਿ ਕਿਸਾਨਾਂ ਨੂੰ ਨਵੀਂ ਫਸਲ ਸੁੱਟਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਮੌਜੂਦ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ-ਇਕ ਦਾਣਾ ਨਿਰਵਿਘਨ ਖਰੀਦ ਕਰ ਕੇ 48 ਘੰਟਿਆਂ ਅੰਦਰ ਅਦਾਇਗੀ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਖਰੀਦ ਏਜੰਸੀਆਂ ਦੇ ਅਧਿਕਾਰੀ ਬਾਰਦਾਨੇ ਦੀ ਕਮੀ ਦਾ ਬਹਾਨਾ ਬਣਾ ਕੇ ਉਨ੍ਹਾਂ ਦੀ ਕਣਕ ਖਰੀਦਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਬਾਰਦਾਨੇ ਦੇ ਨਾਲ-ਨਾਲ ਲਿਫਟਿੰਗ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਵੀਂ ਫਸਲ ਸੁੱਟਣ ਲਈ ਮੰਡੀ ਵਿਚ ਜਗ੍ਹਾ ਹੀ ਨਹੀਂ ਮਿਲ ਰਹੀ। 
27461 ਟਨ ਕਣਕ ਦੀਆਂ ਬੋਰੀਆਂ ਮੰਡੀਆਂ 'ਚ ਪਈਆਂ
ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸੈਕਟਰੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਧੀਨ 9 ਖਰੀਦ ਕੇਂਦਰ ਸਿੱਧਵਾਂ ਬੇਟ, ਭੂੰਦੜੀ, ਲੀਲਾਂ ਮੇਘ ਸਿੰਘ, ਰਸੂਲਪੁਰ, ਰਾਊਵਾਲ, ਭੈਣੀ ਅਰਾਈਆਂ, ਲੋਧੀਵਾਲ, ਪੱਤੀ ਮੁਲਤਾਨੀ ਤੇ ਗੋਰਸੀਆਂ ਮੱਖਣ ਪੈਂਦੇ ਹਨ, ਜਿੱਥੇ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਜ਼ਰੂਰ ਆ ਰਹੀ ਹੈ ਪਰ ਜਲਦੀ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਅਧੀਨ ਆਉਂਦੇ 9 ਖਰੀਦ ਕੇਂਦਰਾਂ ਵਿਚ ਅੱਜ ਤੱਕ 38390 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 35785 ਟਨ ਕਣਕ ਖਰੀਦੀ ਗਈ ਹੈ, ਜਦਕਿ ਸਿਰਫ 2605 ਟਨ ਅਣ-ਵਿਕੀ ਫਸਲ ਮੰਡੀਆਂ ਵਿਚ ਪਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮੰਡੀਆਂ 'ਚੋਂ ਅਜੇ ਤੱਕ ਸਿਰਫ 8324 ਟਨ ਕਣਕ ਦੀ ਲਿਫਟਿੰਗ ਹੋਈ ਹੈ, ਜਦਕਿ 27461 ਟਨ ਕਣਕ ਦੀਆਂ ਬੋਰੀਆਂ ਮੰਡੀਆਂ 'ਚ ਲਿਫਟਿੰਗ ਦੀ ਉਡੀਕ ਵਿਚ ਪਈਆਂ ਹਨ। 
ਬਾਰਦਾਨੇ ਦੀ ਕੋਈ ਕਮੀ ਨਹੀਂ : ਏ. ਐੱਫ. ਐੱਸ. ਓ.
ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਏ. ਐੱਫ. ਐੱਸ. ਓ. ਬੇਅੰਤ ਸਿੰਘ ਨੇ ਕਿਹਾ ਹੈ ਕਿ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਹੈ, ਅੱਜ ਵੀ ਇਨ੍ਹਾਂ ਮੰਡੀਆਂ 'ਚ ਬਾਰਦਾਨਾ ਭੇਜਿਆ ਗਿਆ ਹੈ ਅਤੇ ਕੱਲ ਤੋਂ ਜ਼ਿਆਦਾ ਗਿਣਤੀ 'ਚ ਬਾਰਦਾਨਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ-ਦੋ ਦਿਨਾਂ ਅੰਦਰ ਜਿੱਥੇ ਮੰਡੀਆਂ 'ਚ ਪਈ ਕਣਕ ਨੂੰ ਭਰ ਦਿੱਤਾ ਜਾਵੇਗਾ ਉਥੇ ਮੰਡੀਆਂ 'ਚ ਪਿਆ ਸਾਰਾ ਮਾਲ ਚੁਕਵਾ ਲਿਆ ਜਾਵੇਗਾ।