ਠੇਕੇਦਾਰ ਵੱਲੋਂ ਟਰੱਕਾਂ ਦਾ ਪ੍ਰਬੰਧ ਨਾ ਹੋਣ ਕਾਰਨ ਮੰਡੀ ''ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ

04/26/2018 12:30:05 AM

ਮੰਡੀ ਲਾਧੂਕਾ(ਸੰਦੀਪ)—ਇਥੋਂ ਦੀ ਅਨਾਜ ਮੰਡੀ 'ਚ ਠੇਕੇਦਾਰ ਵੱਲੋਂ ਟਰੱਕਾਂ ਦਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕਣਕ ਦੇ ਗੱਟਿਆਂ ਦੀ ਚੁਕਾਈ ਸੁਸਤ ਹੋਣ ਕਰਕੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਮੰਡੀ ਲਾਧੂਕਾ ਤੇ ਕਿੜਿਆਂਵਾਲਾ ਦਾ ਫੋਕਲ ਪੁਆਇੰਟ ਕਣਕ ਦੇ ਗੱਟਿਆਂ ਨਾਲ ਦੋਵੇਂ ਮੰਡੀਆਂ ਭਰੀਆਂ ਪਈਆਂ ਹਨ। ਮੰਡੀ ਬੋਰਡ ਤੇ ਪ੍ਰਸ਼ਾਸਨ ਵੱਲੋਂ ਚਲਾਈ ਸੁੱਕੀ ਫਸਲ ਲਿਆਉਣ ਦੀ ਮੁਹਿੰਮ ਨੂੰ ਬਹੁਤ ਸਫਲ ਹੁੰਗਾਰਾ ਮਿਲਿਆ। ਇਸ ਵਾਰ ਮੰਡੀ ਲਾਧੂਕਾ ਦੀ ਦਾਣਾ ਮੰਡੀ ਵਿਚ ਤਿੰਨ ਖਰੀਦ ਏਜੰਸੀਆਂ ਨੇ ਖਰੀਦ ਕੀਤੀ ਹੈ। ਮਾਰਕਫੈੱਡ ਨੇ 71590 ਕੁਇੰਟਲ, ਪਨਸਪ ਨੇ 85000 ਕੁਇੰਟਲ ਤੇ ਐੱਫ. ਸੀ. ਆਈ. ਨੇ 87300 ਕੁਇੰਟਲ ਦੇ ਲਗਭਗ ਕਣਕ ਦੀ ਖਰੀਦ ਕੀਤੀ ਪਰ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਇਹ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਐੱਫ. ਸੀ. ਆਈ. ਦੇ ਰੂਲ ਮੁਤਾਬਕ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਟਰੱਕਾਂ ਰਾਹੀਂ ਹੁੰਦੀ ਹੈ, ਜਿਸ ਦਾ ਟੈਂਡਰ ਵਿੱਕੀ ਟਰਾਂਸਪੋਰਟ ਦੇ ਨਾਂ ਨਾਲ ਹੋਇਆ ਹੈ ਪਰ ਠੇਕੇਦਾਰ ਵੱਲੋਂ ਟਰੱਕਾਂ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਲਿਫਟਿੰਗ 'ਚ ਦੇਰੀ ਹੋ ਰਹੀ ਹੈ। ਇਸ ਸਬੰਧ 'ਚ ਉਕਤ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਫੋਨ ਚੁਕਣਾ ਜ਼ਰੂਰੀ ਨਹੀਂ ਸਮਝਿਆ। ਮੰਡੀ ਲਾਧੂਕਾ ਦੀ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ, ਰਾਜਨ ਸੁਦਾ, ਫਕੀਰ ਚੰਦ, ਸੰਨੀ ਕਪੂਰ, ਰਾਕੇਸ਼ ਵਾਟਸ ਤੇ ਕਿਸਾਨ ਮਦਨ ਲਾਲ, ਰਾਜੇਸ਼ ਬੱਟੀ, ਜੰਗੀਰ ਸਿੰਘ, ਫੁੰਮਣ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਣਕ ਦੀਆਂ ਬੋਰੀਆਂ ਦੀ ਚੁਕਾਈ ਦਰੁਸਤ ਕਰ ਕੇ ਲਿਫਟਿੰਗ 'ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਹੋਰ ਫਸਲ ਲਿਆਉਣ ਲਈ ਥਾਂ ਮਿਲ ਸਕੇ। 
ਕੀ ਕਹਿਣਾ ਹੈ ਐੱਫ. ਸੀ. ਆਈ. ਦੇ ਇੰਸਪੈਕਟਰ ਦਾ : ਇਸ ਸਬੰਧ 'ਚ ਐੱਫ. ਸੀ. ਆਈ. ਦੇ ਇੰਸਪੈਕਟਰ ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਜਿਸ ਠੇਕੇਦਾਰ ਨੂੰ ਮੰਡੀ ਲਾਧੂਕਾ ਦੀ ਦਾਣਾ ਮੰਡੀ ਦਾ ਲੋਡਿੰਗ ਦਾ ਟੈਂਡਰ ਹੋਇਆ ਹੈ, ਉਸ ਨੂੰ ਜਲਦ ਤੋਂ ਜਲਦ ਕਣਕ ਦੀਆਂ ਬੋਰੀਆਂ ਦੀ ਢੋਆ-ਢੁਆਈ ਲਈ ਟਰੱਕਾਂ ਦਾ ਪੂਰਾ ਪ੍ਰਬੰਧ ਕਰਨ ਵਾਸਤੇ ਕਹਿਣਗੇ। ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਇਕ-ਦੋ ਦਿਨਾਂ 'ਚ ਕਣਕ ਦੀ ਲੋਡਿੰਗ ਦਾ ਕੰਮ ਪੂਰੇ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ। ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।