ਝੋਨੇ ਦਾ ਖੇਤ ਬਣਿਆ ਜੰਗ ਦਾ ਮੈਦਾਨ, ਤਾਬੜ-ਤੋੜ ਚੱਲੀਆਂ ਗੋਲ਼ੀਆਂ, ਵੀਡੀਓ ’ਚ ਦੇਖੋ ਕਿਵੇਂ ਦਾਗੇ ਗਏ ਫਾਇਰ

08/13/2022 6:32:46 PM

ਮਲੋਟ (ਜੁਨੇਜਾ) : ਪਿਛਲੇ ਕਈ ਮਹੀਨਿਆਂ ਤੋਂ ਪਿੰਡ ਕੋਲਿਆਂਵਾਲੀ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ 2 ਧਿਰਾਂ ਵਿਚਕਾਰ ਚੱਲ ਰਹੇ ਝਗੜੇ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਹਫਤੇ ਪਿੱਛੋਂ ਲੱਗਣ ਵਾਲੀ ਪਾਣੀ ਦੀ ਵਾਰੀ ਮੌਕੇ ਖੇਤ ਵਿਚ ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਹੋਣ ਤੋਂ ਬਾਅਦ ਅੰਨ੍ਹੇਵਾਹ ਗੋਲੀਆਂ ਚੱਲ ਗਈਆਂ। ਇਸ ਸਬੰਧੀ ਹਸਪਤਾਲ ਵਿਚ ਭਰਤੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁਲਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਪਾਣੀ ਦੀ ਵਾਰੀ ’ਤੇ ਉਹ ਕੁਝ ਲੋਕਾਂ ਨੂੰ ਮੌਕਾ ਵਿਖਾਉਣ ਗਏ ਅਤੇ ਆਹਮੋ-ਸਾਮਣੇ ਹੋਈਆਂ ਦੋਵਾਂ ਧਿਰਾਂ ਤੋਂ ਬਾਅਦ ਕੁਲਦੀਪ ਸਿੰਘ ਦੇ ਨਾਲ ਆਏ ਰਿਸ਼ਤੇਦਾਰਾਂ ਨੇ 12 ਬੋਰ ਨਾਲ ਫਾਇਰ ਕਰ ਦਿੱਤੇ। ਇਸ ’ਤੇ ਮਹਾਵੀਰ ਸਿੰਘ, ਗੁਰਪ੍ਰੀਤ ਸਿੰਘ, ਪਵਨਪ੍ਰੀਤ ਸਿੰਘ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਬੱਚੀ ਦੀ ਲਾਸ਼, CCTV ’ਚ ਨਜ਼ਰ ਆਈ ਸ਼ੱਕੀ ਜਨਾਨੀ ਨੇ ਉਡਾਏ ਹੋਸ਼

 

ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ, ਜਿਸ ਦੀ ਜ਼ਮੀਨ ਨੂੰ ਅਬੁਲਖੁਰਾਣਾ ਮਾਈਨਰ ਵਿਚੋਂ ਪਾਣੀ ਲੱਗਦਾ ਸੀ, ਉਹ ਸੁਖਚੈਣ ਮਾਈਨਰ ਵਿਚੋਂ ਵਾਰੀ ਲੈ ਕੇ ਪਾਈਪ ਲਾਈਨ ਰਾਹੀਂ ਕਾਨੂੰਨੀ ਤੌਰ ’ਤੇ ਆਪਣੇ ਖੇਤਾਂ ਨੂੰ ਪਾਣੀ ਲਾਉਣਾ ਚਾਹੁੰਦਾ ਸੀ ਪਰ ਪਿੰਡ ਦੇ ਬਹੁ-ਗਿਣਤੀ ਬੰਦਿਆਂ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪਿਛਲੀਆਂ ਕਈ ਵਾਰੀਆਂ ’ਤੇ ਨਹਿਰੀ ਵਿਭਾਗ ਅਤੇ ਪੁਲਸ ਵੱਲੋਂ ਵੀ ਕੁਲਦੀਪ ਸਿੰਘ ਨੂੰ ਕਾਨੂੰਨੀ ਤੌਰ ’ਤੇ ਪਾਣੀ ਲਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਪਾਣੀ ਦੀ ਵਾਰੀ ’ਤੇ ਇਹ ਵਿਵਾਦ ਗੋਲੀਬਾਰੀ ਤੱਕ ਜਾ ਪੁੱਜਾ। ਉਧਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਅਦਾਲਤੀ ਫ਼ੈਸਲੇ ਅਨੁਸਾਰ ਕਾਰਵਾਈ ਕਰ ਰਿਹਾ ਹੈ ਪਰ ਦੂਜੀ ਧਿਰ ਵੱਲੋਂ ਜਾਣ-ਬੁੱਝ ਕਿ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’

ਸਿਵਲ ਹਸਪਤਾਲ ਦੇ ਡਾ. ਵਿਕਾਸ ਬਾਂਸਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 6 ਜ਼ਖਮੀ ਆਏ ਹਨ, ਜਿਨ੍ਹਾਂ ਵੱਲੋਂ ਗੋਲੀਆਂ ਲੱਗਣ ਦਾ ਦੱਸਿਆ ਗਿਆ ਹੈ ਪਰ ਜ਼ਖਮਾਂ ਦੀ ਜਾਂਚ ਉਪਰੰਤ ਅਸਲੀਅਤ ਦਾ ਪਤਾ ਲੱਗੇਗਾ। ਉਧਰ ਕਬਰਵਾਲਾ ਥਾਣੇ ਦੇ ਮੁੱਖ ਅਫਸਰ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਸ ਵੱਲੋਂ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਉਂਦੇ ਦਿਨਾਂ ਦੌਰਾਨ ਪੰਜਾਬ ’ਚ ਹੋਵੇਗੀ ਬਰਸਾਤ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News