ਕਰਜ਼ ਮੁਆਫੀ ਦੀ ਸੂਚੀ ''ਚ ਜਿਊਂਦੇ ਕਿਸਾਨਾਂ ਨੂੰ ਮਾਰਨ ਵਾਲੇ ਮੁਲਾਜ਼ਮਾਂ ''ਤੇ ਡਿੱਗੀ ਗਾਜ (ਵੀਡੀਓ)

07/05/2019 5:48:13 PM

ਬਰਨਾਲਾ : ਪਿੰਡ ਬਡਬਰ ਦੇ ਕਿਸਾਨਾਂ ਵਲੋਂ ਕਰਜ਼ ਮੁਆਫੀ ਲਈ ਦਿੱਤੀ ਗਈ ਅਰਜ਼ੀ ਤੋਂ ਬਾਅਦ ਪਿੰਡ ਦੇ ਬਹੁਤੇ ਕਿਸਾਨਾਂ ਨੂੰ ਮ੍ਰਿਤਕਾਂ ਦੀ ਸੂਚੀ ਵਿਚ ਪਾਉਣ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਇੰਨਾ ਹੀ ਨਹੀਂ ਪ੍ਰਸ਼ਾਸਨ ਨੇ ਗਲਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਗਲਤੀ ਨੂੰ ਦਰੁਸਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਪਰ ਬਾਵਜੂਦ ਇਸ ਦੇ ਸੰਬੰਧਤ ਕਿਸਾਨਾਂ ਨੂੰ ਅਜੇ ਤਕ ਕੋਈ ਰਾਹਤ ਨਹੀਂ ਮਿਲੀ ਹੈ। 

ਦਰਅਸਲ ਪਿੰਡ ਬਡਬਰ 'ਚ ਕਰਜ਼ਾ ਮੁਆਫੀ ਲਈ 13 ਕਿਸਾਨਾਂ ਦੇ ਨਾਂਅ ਆਏ ਪਰ ਕਰਜ਼ਾ ਮੁਆਫ ਨਹੀਂ ਹੋ ਸਕਿਆ ਕਿਉਂਕਿ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਸਕੱਤਰ ਨੇ ਉਨ੍ਹਾਂ ਜਿਊਂਦੇ ਕਿਸਾਨਾਂ ਦੇ ਨਾਂਅ ਮਰਿਆਂ ਦੀ ਸੂਚੀ 'ਚ ਪਾ ਦਿੱਤੇ ਅਤੇ ਸਹਿਕਾਰੀ ਬੈਂਕ ਧਨੌਲਾ ਦੇ ਮੈਨੇਜਰ ਨਰਿੰਦਰ ਰਾਮ ਨੇ ਗਲਤ ਡਾਟਾ ਐਂਟਰੀ ਵੀ ਕਰ ਕੀਤੀ ਜਦ ਇਸ ਮਾਮਲੇ ਬਾਰੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਤਾਂ ਦੋਵਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੀਡੀਆ ਵਲੋਂ ਇਹ ਮਾਮਲਾ ਚੁੱਕਣ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸੂਚੀ ਨੂੰ ਮੁੜ ਦਰੁਸਤ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਇਸ ਮਾਮਲੇ ਬਾਰੇ ਕਾਰਪੋਰੇਟਿਵ ਬੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਇਹ ਗਲਤੀ ਸੁਧਾਰੀ ਜਾ ਰਹੀ ਹੈ। 

ਅਧਿਕਾਰੀਆਂ ਦੀ ਇਸ ਗਲਤੀ ਨੇ 13 ਕਿਸਾਨਾਂ ਦਾ ਪਿੰਡ 'ਚ ਮਜ਼ਾਕ ਬਣਾ ਕੇ ਰੱਖ ਦਿੱਤਾ। ਕਰਜ਼ਾ ਤਾਂ ਕੀ ਮੁਆਫ ਕਰਨਾ ਸੀ ਉਨ੍ਹਾਂ ਨੂੰ ਮ੍ਰਿਤਕ ਸੂਚੀ 'ਚ ਸ਼ਾਮਲ ਕਰ ਦਿੱਤਾ। ਕਿਸਾਨ ਹੁਣ ਇਸ ਗਲਤੀ 'ਤੇ ਅਧਿਕਾਰੀਆਂ ਕੋਲੋਂ ਲਿਖਤ ਰੂਪ 'ਚ ਮੁਆਫੀ ਮੰਗਣ ਅਤੇ ਜਲਦ ਤੋਂ ਜਲਦ ਉਨ੍ਹਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕਰ ਰਹੇ ਹਨ।

Gurminder Singh

This news is Content Editor Gurminder Singh