ਜਿਸ ਦੀ ਤਸਵੀਰ ਲਗਾ ਕੈਪਟਨ ਨੇ ਕੀਤਾ ਪ੍ਰਚਾਰ, ਉਸ ਦਾ ਹੀ ਨਹੀਂ ਹੋਇਆ ਕਰਜ਼ਾ ਮੁਆਫ

01/06/2019 6:28:54 PM

ਗੁਰਦਾਸਪੁਰ : ਕਾਂਗਰਸ ਸਰਕਾਰ ਨੇ ਜਿਸ ਕਿਸਾਨ ਦੀ ਤਸਵੀਰ ਲਗਾ ਕੇ ਆਪਣੀ ਕਰਜ਼ ਮੁਆਫੀ ਦੀ ਸਕੀਮ ਦਾ ਸੂਬੇ 'ਚ ਪ੍ਰਚਾਰ ਕੀਤਾ, ਉਸੇ ਦਾ ਕਰਜ਼ ਅਜੇ ਤਕ ਮੁਆਫ ਨਹੀਂ ਹੋ ਸਕਿਆ ਹੈ। ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਬੁੱਧ ਸਿੰਘ ਦੀ ਤਸਵੀਰ ਕਰਜ਼ ਮੁਆਫੀ ਦੇ ਪ੍ਰਚਾਰ ਦੇ ਪੋਸਟਰਾਂ 'ਚ ਲਗਾਈ ਗਈ ਸੀ। ਹਾਲਾਂਕਿ ਹੁਣ ਕਰਜ਼ ਮੁਆਫੀ ਦੀ ਗੱਲ ਕਹਿ ਕੇ ਬੁੱਧ ਸਿੰਘ ਨੂੰ ਬੈਂਕ ਜ਼ਰੂਰ ਬੁਲਾਇਆ ਗਿਆ ਹੈ ਪਰ ਅਜੇ ਤਕ ਉਸ ਦਾ ਕਰਜ਼ਾ ਮੁਆਫ ਨਹੀਂ ਹੋ ਸਕਿਆ ਹੈ। 
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 12 ਅਕਤੂਬਰ 2016 ਨੂੰ ਕੈਪਟਨ ਅਮਰਿੰਦਰ ਸਿੰਘ ਕੋਟਲੀ ਸੂਰਤ ਮੱਲੀ ਪਿੰਡ 'ਚ ਪ੍ਰਚਾਰ ਲਈ ਗਏ ਸਨ। ਉਥੇ ਉਨ੍ਹਾਂ ਨੇ ਕਰਜ਼ ਮੁਆਫੀ ਸਕੀਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਸਾਨ ਬੁੱਧ ਸਿੰਘ ਤੋਂ ਕਰਜ਼ ਮੁਆਫੀ ਦਾ ਫਾਰਮ ਭਰਵਾਇਆ ਅਤੇ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਬੁੱਧ ਸਿੰਘ ਦਾ ਹੀ ਕਰਜ਼ਾ ਮੁਆਫ ਕੀਤੀ ਜਾਵੇਗਾ। 
ਉਸ ਸਮੇਂ ਕੈਪਟਨ ਨਾਲ ਖਿੱਚੀ ਗਈ ਬੁੱਧ ਸਿੰਘ ਦੀ ਤਸਵੀਰ ਸਰਕਾਰ ਬਨਣ ਤੋਂ ਬਾਅਦ ਕਰਜ਼ ਮੁਆਫੀ ਦੇ ਪੋਸਟਰ 'ਤੇ ਲਗਾ ਦਿੱਤੀ ਗਈ। ਯੋਜਨਾ ਨੂੰ ਇਕ ਸਾਲ ਬੀਤ ਚੁੱਕਾ ਹੈ ਪਰ ਸਰਕਾਰ ਬੁੱਧ ਸਿੰਘ ਦਾ ਹੀ ਕਰਜ਼ ਮੁਆਫ ਨਹੀਂ ਕਰ ਸਕੀ। 
ਪਹਿਲਾਂ ਕਈ ਕੁਰਕੀ ਦੇ ਨੋਟਿਸ, ਹੁਣ ਬੈਂਕ ਬੁਲਾਇਆ : ਬੁੱਧ ਸਿੰਘ
ਬੁੱਧ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੰਜਾਬ ਪੇਂਡੂ ਬੈਂਕ ਤੋਂ 3.82 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਸ ਕੋਲ 31 ਕਨਾਲ ਜ਼ਮੀਨ ਹੈ। ਇਸ 'ਤੇ ਖੇਤੀ ਕਰਕੇ ਉਹ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਬੈਂਕ ਨੇ 3 ਨੋਟਿਸ ਭੇਜ ਦਿੱਤੇ। ਪਹਿਲਾਂ ਤਾਂ ਉਹ ਮੁੱਖ ਮੰਤਰੀ ਦੀ ਕਰਜ਼ ਮੁਆਫੀ ਦਾ ਇੰਤਜ਼ਾਰ ਕਰਦਾ ਰਿਹਾ ਪਰ ਹੁਣ ਲੱਗਦਾ ਹੈ ਕਿ ਕਰਜ਼ ਮੁਆਫ ਨਾ ਹੋਇਆ ਤਾਂ ਜ਼ਮੀਨ ਕੁਰਕ ਹੋ ਜਾਵੇਗੀ। ਪਸ਼ੂ ਵੇਚ ਕੇ ਤੇ ਕਿਸੇ ਤੋਂ ਪੈਸੇ ਉਧਾਰ ਲੈ ਕੇ ਬੈਂਕ ਦੇ 80 ਹਜ਼ਾਰ ਰੁਪਏ ਮੋੜੇ ਸਨ। ਉਨ੍ਹਾਂ ਦਾ ਬੇਟਾ ਦਸਵੀਂ ਤੇ ਬੇਟੀ ਪੰਜਵੀਂ 'ਚ ਪੜ੍ਹਦੀ ਹੈ। ਜਿਨ੍ਹਾਂ ਦੇ ਸਕੂਲ ਦੀ ਫੀਸ ਭਰਨਾ ਵੀ ਔਖਾ ਹੋ ਗਿਆ ਹੈ।

Gurminder Singh

This news is Content Editor Gurminder Singh